editor@sikharchives.org

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ-24 ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ

ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਤਿਕਾਰਤ ਅਹੁਦਾ ਹੰਢਾ ਚੁੱਕੇ ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਦੀ ਸਿੱਖ ਧਰਮ ਤੇ ਰਾਜਨੀਤੀ ’ਚ ਵਿਲੱਖਣ ਪਹਿਚਾਣ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਗੁਰਸਿੱਖੀ ਸ਼ਰਧਾ ਭਾਵਨਾ ਨਾਲ ਓਤ-ਪੋਤ, ਗੁਰਬਾਣੀ ਦੇ ਨੇਮੀ-ਪ੍ਰੇਮੀ, ਲੋਹ ਪੁਰਸ਼ ਵਜੋਂ ਜਾਣੇ ਜਾਂਦੇ ਸਦਜਾਗਤ, ਜਜ਼ਬਾਤੀ ਟਕਸਾਲੀ ਗੁਰਸਿੱਖ, ਲੋਕ ਸਭਾ, ਰਾਜ ਸਭਾ ਦੇ ਸਾਬਕਾ ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ 49 ਸਾਲ ਤੋਂ ਨਿਰੰਤਰ ਮੈਂਬਰ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਤਿਕਾਰਤ ਅਹੁਦਾ ਹੰਢਾ ਚੁੱਕੇ ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਦੀ ਸਿੱਖ ਧਰਮ ਤੇ ਰਾਜਨੀਤੀ ’ਚ ਵਿਲੱਖਣ ਪਹਿਚਾਣ ਹੈ। ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਦਾ ਜਨਮ 1929 ਈ: ’ਚ ਜਥੇਦਾਰ ਛਾਂਗਾ ਸਿੰਘ ਤੇ ਮਾਤਾ ਜਸਮੇਲ ਕੌਰ ਦੇ ਘਰ ਮੁੱਲਾਂਪੁਰ ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ’ਚ ਹੋਇਆ। ਜਥੇਦਾਰ ਛਾਂਗਾ ਸਿੰਘ ਜੀ ਧਾਰਮਿਕ ਬਿਰਤੀ ਦੇ ਧਾਰਨੀ, ਪੰਥਕ ਸਰਗਰਮੀਆਂ ’ਚ ਭਾਗ ਲੈਣ ਵਾਲੇ ਜਗੀਰਦਾਰ ਕਿਸਾਨ ਸਨ। ਤਲਵੰਡੀ ਸਾਹਿਬ ਦੇ ਪਿਤਾ ਜੀ ਨੇ ਨਨਕਾਣਾ ਸਾਹਿਬ, ਗੁਰੂ ਕੇ ਬਾਗ, ਜੈਤੋ ਤੇ ਡਸਕੇ ਦੇ ਮੋਰਚੇ ’ਚ ਭਾਗ ਲਿਆ ਤੇ ਕੈਦ ਕੱਟੀ ਸੀ। 7 ਫਰਵਰੀ, 1955 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਹੋਏ ਪਹਿਲੇ ਜਨਰਲ ਇਜਲਾਸ ਸਮੇਂ ਜਥੇਦਾਰ ਛਾਂਗਾ ਸਿੰਘ ਬਤੌਰ ਮੈਂਬਰ, ਸ਼੍ਰੋਮਣੀ ਕਮੇਟੀ ਹਾਜ਼ਰ ਸਨ। ਇਸ ਉਲੇਖ ਤੋਂ ਸਪਸ਼ਟ ਹੈ ਕਿ ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਦਾ ਪਾਲਣ-ਪੋਸ਼ਣ ਪੰਥਕ ਪਰਵਾਰ ’ਚ ਪ੍ਰਵਾਨ ਚੜ੍ਹਿਆ। ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਦਾ ਬਾਲਪਨ ਲਾਇਲਪੁਰ ਦੀ ਜ਼ਰਖੇਜ਼ ਧਰਤੀ ’ਤੇ ਬੀਤਿਆ। 18 ਸਾਲ ਦੀ ਉਮਰ ’ਚ ਇਨ੍ਹਾਂ ਦਾ ਵਿਆਹ ਬੀਬੀ ਮਹਿੰਦਰ ਕੌਰ ਨਾਲ ਹੋਇਆ। ਦੇਸ਼ ਵੰਡ ਸਮੇਂ ਇਹ ਲਾਇਲਪੁਰ ਛੱਡ ਕੇ ਤਲਵੰਡੀ ਰਾਇ (ਲੁਧਿਆਣਾ) ’ਚ ਪਰਵਾਰ ਸਮੇਤ ਵਸ ਗਏ। ਇਨ੍ਹਾਂ ਦੇ ਘਰ ਦੋ ਸਪੁੱਤਰਾਂ ਤੇ ਦੋ ਸਪੁੱਤਰੀਆਂ ਨੇ ਜਨਮ ਲਿਆ। 1952 ਈ: ’ਚ ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ, ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਭਿੰਡਰਾਂਵਾਲਿਆਂ ਦੇ ਜਥੇ ਵੱਲੋਂ ਕਰਵਾਏ ਗਏ ਅੰਮ੍ਰਿਤ-ਸੰਚਾਰ ਸਮਾਗਮ ਸਮੇਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਗੁਰੂ ਵਾਲੇ ਬਣ ਗਏ। ਇਸ ਪੰਥਕ ਪਰਵਾਰ ਦਾ ਇਲਾਕੇ ’ਚ ਅੱਜ ਵੀ ਪੂਰਾ ਮਾਣ-ਸਨਮਾਨ ਹੈ। 1952 ਈ: ਵਿਚ ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਪਿੰਡ ਦੇ ਬਿਨਾਂ ਮੁਕਾਬਲਾ ਸਰਪੰਚ ਚੁਣੇ ਗਏ ਤੇ ਨਿਰੰਤਰ 17 ਸਾਲ ਪਿੰਡ ਦੇ ਸਰਪੰਚ ਵਜੋਂ ਸੇਵਾ ਕਰਦੇ ਰਹੇ।

ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ’ਚ ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਤੇ ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ ਦਾ ਪ੍ਰਵੇਸ਼ ਲੱਗਭਗ ਬਰਾਬਰ ਹੀ ਹੋਇਆ। 1960 ਈ: ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਹੋਈਆਂ, ਜਿਸ ਵਿਚ ਤਲਵੰਡੀ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਰਾਇਕੋਟ ਹਲਕੇ ਤੋਂ ਮੈਂਬਰ ਚੁਣੇ ਗਏ ਤੇ ਨਿਰੰਤਰ ਇਸ ਹਲਕੇ ਤੋਂ ਮੈਂਬਰ ਵਜੋਂ ਸ਼੍ਰੋਮਣੀ ਕਮੇਟੀ ਵਜੋਂ ਸੇਵਾ ਨਿਭਾ ਰਹੇ ਹਨ। ਜਥੇਦਾਰ ਤਲਵੰਡੀ ਸਿੱਖ ਰਾਜਨੀਤੀ ’ਚ ਬਹੁਤ ਸਰਗਰਮ ਭੂਮਿਕਾ ਨਿਭਾਉਂਦੇ ਰਹੇ ਹਨ। 1967 ਈ: ਵਿਚ ਪੰਜਾਬ ਵਿਧਾਨ ਸਭਾ ਦੇ ਪੰਜਾਬ ‘ਚੋਂ ਸਭ ਤੋਂ ਵੱਧ ਵੋਟਾਂ ਦੇ ਫਰਕ ਨਾਲ ਮੈਂਬਰ ਚੁਣੇ ਗਏ ਅਤੇ ਅਕਾਲੀ ਵਿਧਾਨਕਾਰ ਪਾਰਟੀ ਦੇ ਨੇਤਾ ਵਜੋਂ ਸੇਵਾ ਨਿਭਾਈ। ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ 1969 ਈ: ਵਿਚ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਵਜੋਂ ਕਾਰਜਸ਼ੀਲ ਰਹੇ। ਇਨ੍ਹਾਂ ਨੂੰ 1971 ਈ: ਵਿਚ ਵੀ ਪੰਜਾਬ ਵਿਧਾਨ ਸਭਾ ਦੇ ਮੈਂਬਰ ਹੋਣ ਦਾ ਮਾਣ ਹਾਸਲ ਹੋਇਆ।

ਸ. ਗੁਰਨਾਮ ਸਿੰਘ ਦੀ ਸਰਕਾਰ ’ਚ ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਪੰਜਾਬ ਸਰਕਾਰ ਦੇ ਵਿਕਾਸ ਤੇ ਪਸ਼ੂ-ਪਾਲਣ ਵਿਭਾਗ ਦੇ ਮੰਤਰੀ ਬਣੇ। ਸ. ਪਰਕਾਸ਼ ਸਿੰਘ ਜੀ ਬਾਦਲ ਦੀ ਸਰਕਾਰ ਸਮੇਂ ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ, ਜੇਲ੍ਹਾਂ, ਖੇਡ ਵਿਭਾਗ ਤੇ ਟਰਾਂਸਪੋਰਟ ਮੰਤਰੀ ਵਜੋਂ ਕਾਰਜਸ਼ੀਲ ਰਹੇ। 1972 ਈ: ’ਚ ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ, ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਣ ਗਏ ਅਤੇ 1974 ਈ: ’ਚ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦੇ ਸਤਿਕਾਰਤ ਅਹੁਦੇ ’ਤੇ ਬਿਰਾਜਮਾਨ ਹੋਏ। ਜਥੇਦਾਰ ਸਾਹਿਬ 1977 ਈ: ਵਿਚ ਲੋਕ ਸਭਾ ਦੀਆਂ ਚੋਣਾਂ ਸਮੇਂ ਇਕ ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਮੈਂਬਰ, ਲੋਕ ਸਭਾ ਚੁਣੇ ਗਏ। ਪੰਥ ਤੇ ਪੰਜਾਬ ਨਾਲ ਸੰਬੰਧਿਤ ਹਰ ਮੋਰਚੇ ਸਮੇਂ ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਨੇ ਜੇਲ੍ਹ ਯਾਤਰਾ ਕੀਤੀ। ਐਮਰਜੈਂਸੀ ਦੇ ਮੋਰਚੇ ਸਮੇਂ ਇਨ੍ਹਾਂ ਨੇ 19 ਮਹੀਨੇ ਜੇਲ੍ਹ ’ਚ ਗੁਜ਼ਾਰੇ। ਪੰਜਾਬ ਅਤੇ ਪੰਥਕ ਰਾਜਨੀਤੀ ’ਚ ਸ. ਪਰਕਾਸ਼ ਸਿੰਘ ਜੀ ਬਾਦਲ, ਗੁਰਪੁਰਵਾਸੀ ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ ਅਤੇ ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਦਾ ਹਮੇਸ਼ਾਂ ਪ੍ਰਭਾਵ ਰਿਹਾ ਹੈ। ਇਨ੍ਹਾਂ ਦੀ ਵਿਚਾਰਧਾਰਕ ਏਕਤਾ ਨੇ ਰਾਜਨੀਤਿਕ ਸਫਲਤਾ ਦੀਆਂ ਸਰ-ਬੁਲੰਦੀਆਂ ਨੂੰ ਛੂਹਿਆ ਤੇ ਮਾਣਿਆ ਪਰ ਆਪਸੀ ਮੱਤ-ਭੇਦਾਂ ਕਰਕੇ ਇਨ੍ਹਾਂ ਨੂੰ ਰਾਜਸੀ ਨੁਕਸਾਨ ਦਾ ਵੀ ਸਾਹਮਣਾ ਕਰਨਾ ਪਿਆ। 27 ਸਤੰਬਰ, 1979 ਨੂੰ ਜਥੇਦਾਰ ਗੁਰਚਰਨ ਸਿੰਘ ਟੌਹੜਾ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਨੇ ਆਪਣੇ-ਆਪਣੇ ਅਹੁਦਿਆਂ ਤੋਂ ਅਸਤੀਫੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦੇ ਦਿੱਤੇ ਪਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਉਲੰਘਣਾ ਕਰਨ ਕਾਰਨ ਤਲਵੰਡੀ ਸਾਹਿਬ ਨੂੰ 16 ਨਵੰਬਰ, 1979 ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਜੋ ਤਲਵੰਡੀ ਸਾਹਿਬ ਨੇ 23 ਨਵੰਬਰ, 1979 ਨੂੰ ਤਨਖਾਹ ਪ੍ਰਵਾਨ ਕੀਤੀ।

ਜੁਲਾਈ, 1980 ਈ: ’ਚ ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਰਾਜ ਸਭਾ ਦੇ ਮੈਂਬਰ ਚੁਣੇ ਗਏ। ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਾਉਣ ਵਾਸਤੇ ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਨੇ 1982 ਈ: ਦਿੱਲੀ ’ਚ ਮੋਰਚਾ ਲਾਇਆ। ਪੰਜਾਬ ਦੇ ਬਿਖੜੇ ਹਾਲਾਤ ਦੌਰਾਨ ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਨੇ ਕਪੂਰੀ, ਧਰਮ ਯੁੱਧ ਮੋਰਚੇ ’ਚ ਵਿਸ਼ੇਸ਼ ਯੋਗਦਾਨ ਪਾਇਆ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਨੂੰ ਸਵੀਕਾਰਦਿਆਂ ਤਲਵੰਡੀ ਸਾਹਿਬ ਧਰਮ ਯੁੱਧ ਮੋਰਚੇ ’ਚ ਸ਼ਾਮਲ ਹੋ ਗਏ ਅਤੇ ਇਕ ਵੱਡੇ ਜਥੇ ਸਮੇਤ ਗ੍ਰਿਫ਼ਤਾਰੀ ਦਿੱਤੀ। 1982 ਈ: ’ਚ ਪੰਥਕ ਹੁਕਮ ਨੂੰ ਮੰਨਦਿਆਂ ਰਾਜ ਸਭਾ ਤੋਂ ਅਸਤੀਫਾ ਦੇ ਦਿੱਤਾ। ਜੂਨ, 1984 ’ਚ ਭਾਰਤ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ’ਤੇ ਕੀਤੇ ਫ਼ੌਜੀ ਹਮਲੇ ਸਮੇਂ ਵੀ ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਲੰਮਾ ਸਮਾਂ ਬੰਦੀ ਬਣਾ ਕੇ ਜੇਲ੍ਹ ’ਚ ਰੱਖਿਆ ਗਿਆ। 1985 ਈ: ਵਿਚ ਪੰਥਕ ਏਕਤਾ ਦੇ ਨਾਂ ’ਤੇ ਬਣੇ ਸੰਯੁਕਤ ਅਕਾਲੀ ਦਲ ’ਚ ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਸ਼ਾਮਲ ਹੋ ਗਏ।

7 ਮਾਰਚ, 1960 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਜਨਰਲ ਸਮਾਗਮ ਸਮੇਂ ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਪਹਿਲੀ ਵਾਰ, ਮੈਂਬਰ ਸ਼੍ਰੋਮਣੀ ਕਮੇਟੀ ਵਜੋਂ ਹਾਜ਼ਰ ਹੋਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ 1960, 1965, 1979, 1996 ਤੇ 2004 ਈ: ’ਚ ਹੋਈਆਂ। ਹਰੇਕ ਵਾਰ ਤਲਵੰਡੀ ਸਾਹਿਬ ਮੈਂਬਰ ਚੁਣੇ ਗਏ। ਸ਼ਾਇਦ ਲੋਕਤੰਤਰੀ ਪ੍ਰਬੰਧ ’ਚ ਇਹ ਇਕ ਕੀਰਤੀਮਾਨ ਹੋਵੇ ਕਿ ਇਕ ਵਿਅਕਤੀ, ਮੈਂਬਰ ਵਜੋਂ ਨਿਰੰਤਰ ਚੋਣ ਜਿੱਤੇ ਹੋਣ। ਇਸ ਸਮੇਂ ਦੌਰਾਨ ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ 1965, 1966, 1976, 1977, 1978 ਈ: ’ਚ ਅੰਤ੍ਰਿੰਗ ਕਮੇਟੀ ਮੈਂਬਰ ਵਜੋਂ ਵੀ ਕਾਰਜਸ਼ੀਲ ਰਹੇ। ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ’ਚ ਵੀ ਬਤੌਰ ਮੈਂਬਰ ਤਲਵੰਡੀ ਸਾਹਿਬ ਨੇ ਲੰਮੇਰਾ ਸਮਾਂ ਸੇਵਾ ਨਿਭਾਈ ਹੈ।

ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਨੇ 30 ਨਵੰਬਰ, 2000 ਨੂੰ ਸ਼੍ਰੋਮਣੀ ਸਿੱਖ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦਾ ਪ੍ਰਧਾਨਗੀ ਪਦ ਸੰਭਾਲਦਿਆਂ ਹੀ ਸਿੱਖਾਂ ਨੂੰ ਵਿਸ਼ਵਾਸ ਤੇ ਅਹਿਸਾਸ ਕਰਵਾ ਦਿੱਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਦਾਰੀ ਕਾਇਮ ਰਹੇਗੀ। ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ’ਚ ਵੱਖਰੀ ਪ੍ਰਬੰਧਕ ਕਮੇਟੀ ਬਣਨ ’ਤੇ ਪਾਕਿਸਤਾਨ ਵਿਚ ਗੁਰਦੁਆਰਿਆਂ ਦੇ ਦਰਸ਼ਨਾਂ ਵਾਸਤੇ ਜਾਣ ਵਾਲੇ ਜਥੇ ਭੇਜਣੇ ਬੰਦ ਕਰ ਦਿੱਤੇ ਸਨ। ਇਸ ਨਾਲ ਜਿੱਥੇ ਯਾਤਰੂਆਂ ਨੂੰ ਦਿੱਕਤ ਆਉਂਦੀ ਸੀ ਉਸ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਸ਼ਰੀਕਾਂ ਨੂੰ ਚੌਧਰੀ ਬਣਨ ਦਾ ਮੌਕਾ ਮਿਲਿਆ। ਤਲਵੰਡੀ ਸਾਹਿਬ ਨੇ ਜਥੇ ਭੇਜਣ ਦੀ ਪਿਰਤ ਨੂੰ ਸੁਰਜੀਤ ਕਰ ਕੇ, ਸ਼੍ਰੋਮਣੀ ਕਮੇਟੀ ਦੀ ਸਰਦਾਰੀ ਨੂੰ ਕਾਇਮ ਕੀਤਾ। ਸਿੱਖ ਵਿੱਦਿਅਕ ਅਦਾਰਿਆਂ ਨੂੰ ਘੱਟ ਗਿਣਤੀ ਦਰਜਾ ਦਿਵਾਉਣ ਵਾਸਤੇ ਤਲਵੰਡੀ ਸਾਹਿਬ ਦੇ ਯਤਨ ਸਾਰਥਕ ਹੋਏ। ਇਸ ਨਾਲ ਸਿੱਖ ਵਿੱਦਿਅਕ ਸੰਸਥਾਵਾਂ ’ਚ ਸਾਬਤ ਸੂਰਤ ਵਿਦਿਆਰਥੀਆਂ ਨੂੰ ਪਹਿਲ ਦੇ ਅਧਾਰ ’ਤੇ ਦਾਖਲੇ ਦੇਣੇ ਸ਼ੁਰੂ ਹੋਏ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਨਵੀਂ ਸੇਧ ਤੇ ਦਿਸ਼ਾ ਪ੍ਰਦਾਨ ਕਰਨ ਵਾਸਤੇ ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਨੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਵਾਸਤੇ ਸਿਰੋਪਾਓ ਦੀ ਪੁਰਾਤਨ ਮਰਯਾਦਾ ਬਹਾਲ ਕੀਤੀ। ਸ੍ਰੀ ਦਰਬਾਰ ਸਾਹਿਬ ’ਚ ਸ਼ਰਧਾਲੂਆਂ ਵੱਲੋਂ ਕਰਵਾਏ ਜਾਂਦੇ ਅਖੰਡ ਪਾਠਾਂ ਵਾਸਤੇ ਵੱਖਰੇ ਕਮਰਿਆਂ ਦਾ ਨਿਰਮਾਣ ਕਰਵਾਇਆ ਤੇ ਸੰਬੰਧਿਤਾਂ ਨੂੰ ਅਖੰਡ ਪਾਠ ਸਮੇਂ ਹਾਜ਼ਰ ਰਹਿਣ ਲਈ ਜ਼ਰੂਰੀ ਕਰਾਰ ਦਿੱਤਾ। ਸ਼੍ਰੋਮਣੀ ਕਮੇਟੀ ਵੱਲੋਂ ਸ਼ਤਾਬਦੀਆਂ ਮਨਾਉਣ ਲਈ ਵਿਸ਼ੇਸ਼ ਯੋਜਨਾਵਾਂ ਉਲੀਕੀਆਂ ਗਈਆਂ।

ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਪ੍ਰਧਾਨ, ਸ਼੍ਰੋਮਣੀ ਕਮੇਟੀ ਦੇ ਕਾਰਜ-ਕਾਲ ਸਮੇਂ ਹੀ ਧਰਮ ਦੇ ਪ੍ਰਚਾਰ-ਪ੍ਰਸਾਰ ਵਾਸਤੇ ਵਿਸ਼ੇਸ਼ ਗੁਰਮਤਿ ਟ੍ਰੇਨਿੰਗ ਕੈਂਪ ਲੱਗੇ ਤੇ ਸੈਮੀਨਾਰ ਹੋਏ। ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਵੱਖ-ਵੱਖ ਇਲਾਕਿਆਂ ’ਚ ਪ੍ਰਚਾਰ ਵਹੀਰਾਂ ਅਰੰਭ ਕੀਤੀਆਂ। ਪਾਠ-ਬੋਧ ਸਮਾਗਮਾਂ ਦੀ ਪੰਥਕ ਪਿਰਤ ਨੂੰ ਮੁੜ ਸੁਰਜੀਤ ਕਰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬ੍ਹੋ (ਬਠਿੰਡਾ) ਤੋਂ ਅਰੰਭਤਾ ਕੀਤੀ। ਗੁਜਰਾਤ ’ਚ 26 ਜਨਵਰੀ, 2001 ਨੂੰ ਆਏ ਭਿਆਨਕ ਭੁਚਾਲ ਸਮੇਂ ਦੁਖੀ ਮਾਨਵਤਾ ਦੀ ਸਹਾਇਤਾ ਵਾਸਤੇ ਵਿਸ਼ੇਸ਼ ਰਾਹਤ ਸਮਗਰੀ ਤੇ ਆਰਥਿਕ ਸਹਾਇਤਾ ਭੇਜ ਕੇ ਨਾਮਣਾ ਖੱਟਿਆ। ਪੰਥਕ ਮਸਲਿਆਂ ਸਬੰਧੀ ਕੇਂਦਰੀ ਨੇਤਾਵਾਂ ਨਾਲ ਵੀ ਵਿਚਾਰ-ਚਰਚਾ ਕੀਤੀ। 6 ਫਰਵਰੀ, 2001 ਨੂੰ ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਟੱਲ ਬਿਹਾਰੀ ਵਾਜਪਾਈ, ਪ੍ਰਧਾਨ ਮੰਤਰੀ ਭਾਰਤ ਸਰਕਾਰ ਨੂੰ ਗੁਜਰਾਤ ’ਚ ਆਏ ਭਿਆਨਕ ਭੂਚਾਲ ਰਾਹਤ ਫੰਡ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਚੈੱਕ ਭੇਟ ਕੀਤਾ। ਜੰਮੂ-ਕਸ਼ਮੀਰ ਦੇ ਚਿੱਟੀ ਸਿੰਘਪੁਰਾ ’ਚ ਨਿਰਦੋਸ਼ ਸਿੱਖਾਂ ਦਾ ਸਮੂਹਿਕ ਕਤਲੇਆਮ ਕੀਤਾ ਗਿਆ ਤਾਂ ਵੀ ਪੀੜਤਾਂ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਆਰਥਿਕ ਸਹਾਇਤਾ ਦਿੱਤੀ ਗਈ। ਗ੍ਰਹਿ ਮੰਤਰੀ ਅਡਵਾਨੀ ਨਾਲ ਵੀ ਉਨ੍ਹਾਂ ਵਿਸ਼ੇਸ਼ ਮੁਲਾਕਾਤ ਕਰ ਕੇ ਚਿੱਟੀ ਸਿੰਘਪੁਰਾ, ਜੰਮੂ ਕਸ਼ਮੀਰ ’ਚ ਹੋਏ ਸਿੱਖ ਸਮੂਹਿਕ ਕਤਲੇਆਮ ਦਾ ਮੁੱਦਾ ਉਠਾਇਆ। ਅਖੌਤੀ ਸਾਧ ਭਨਿਆਰੇ ਵਾਲੇ ਵਿਰੁੱਧ ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਨੇ ਆਪਣੇ ਪ੍ਰਧਾਨਗੀ ਕਾਰਜ-ਕਾਲ ਸਮੇਂ ਜ਼ਬਰਦਸਤ ਮੁਹਿੰਮ ਚਲਾ ਕੇ ਅਖੌਤੀ ਸਾਧ ਦਾ ਨੱਕ ’ਚ ਦਮ ਕਰ ਦਿੱਤਾ। ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬ੍ਹੋ ਵਿਖੇ ਦੀਵਾਨ ਹਾਲ ਦੀ ਅਰੰਭਤਾ ਤੇ ਸ੍ਰੀ ਚਮਕੌਰ ਸਾਹਿਬ ਵਿਖੇ ਪੁਰਾਤਨ ਬਾਉਲੀ ਦੇ ਸੰਭਾਲ ਕਾਰਜ ਦਾ ਅਰੰਭ ਤਲਵੰਡੀ ਸਾਹਿਬ ਦੇ ਸਮੇਂ ਹੀ ਹੋਇਆ। ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਤੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਵਾਸਤੇ ਆਉਂਦੀਆਂ ਸੰਗਤਾਂ ਦੀ ਸਹੂਲਤ ਲਈ ਫ੍ਰੀ ਬੱਸ ਸੇਵਾ ਸ਼ੁਰੂ ਕੀਤੀ ਗਈ।

27 ਨਵੰਬਰ, 2001 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਸਲਾਨਾ ਜਨਰਲ ਇਜਲਾਸ ਸਮੇਂ ਪ੍ਰੋ. ਕਿਰਪਾਲ ਸਿੰਘ ਜੀ ਬਡੂੰਗਰ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੇ ਗਏ। ਇਸ ਤਰ੍ਹਾਂ ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਦਾ ਪ੍ਰਧਾਨਗੀ ਕਾਰਜ-ਕਾਲ ਸੰਪੂਰਨ ਹੋ ਗਿਆ। ਅਕਾਲੀ ਆਗੂਆਂ ‘ਚੋਂ ਬਜ਼ੁਰਗਵਾਰ ਅਕਾਲੀ ਆਗੂ ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਬੇਬਾਕ, ਸਿੱਖ ਸ਼ਖ਼ਸੀਅਤ ਵਜੋਂ ਵਿਚਰਦੇ ਹਨ। ਸਿੱਖ ਰਾਜਨੀਤੀ ਦੇ ਸ਼ਾਹਸਵਾਰ ਜਥੇਦਾਰ ਤਲਵੰਡੀ ਨੂੰ ਸਿੱਖੀ ਸ਼ਰਧਾ ਭਾਵਨਾ ਤੇ ਸਾਬਤ ਕਦਮੀ ਦੇ ਗੁਣ ਵਿਰਸੇ ਵਿਚ ਮਿਲੇ। ਭਾਵੇਂ ਕਿ ਤਲਵੰਡੀ ਸਾਹਿਬ ਜਜ਼ਬਾਤੀ ਸੁਭਾਅ ਕਰਕੇ ਕਾਹਲੇ ਪੈ ਜਾਂਦੇ ਹਨ ਪਰ ਜਲਦੀ ਹੀ ਸ਼ਾਂਤ ਵੀ ਹੋ ਜਾਂਦੇ ਹਨ।

ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਨੇ ਭਾਵੇਂ ਸੰਸਾਰਿਕ ਅੱਖਰ ਗਿਆਨ ਪ੍ਰਾਪਤ ਨਹੀਂ ਕੀਤਾ ਪਰ ਤਜਰਬੇ ਦੀ ਟਕਸਾਲ ’ਚ ਜੋ ਘਾੜਤ ਉਨ੍ਹਾਂ ਦੀ ਘੜੀ ਗਈ, ਉਹ ਇਕ ਮਿਸਾਲ ਹੈ। ਉਹ ਮੰਨਦੇ ਹਨ ਕਿ ਜੀਵਨ ਸੰਗਰਾਮ ’ਚ ਧਰਮ ਦੀ ਰੋਸ਼ਨੀ ਹੀ ਅਸਲ ਮਾਰਗ-ਦਰਸ਼ਨ ਕਰਦੀ ਹੈ। ਬੇਬਾਕ ਸੁਭਾਅ ਦੇ ਮਾਲਕ ਤਲਵੰਡੀ ਸਾਹਿਬ ਕਹਿੰਦੇ ਹਨ ਕਿ, ਨਾ ਮੈਂ ਗੁਰੂ ਘਰ ਦਾ ਪੈਸਾ ਖਾਧਾ ਹੈ ਤੇ ਨਾ ਹੀ ਕਿਸੇ ਨੂੰ ਖਾਣ ਦਿੱਤਾ ਹੈ। ਕਾਲੀ ਦਸਤਾਰ ਦੇ ਧਾਰਨੀ ਤਲਵੰਡੀ ਸਾਹਿਬ ਦਾ ਕਹਿਣਾ ਹੈ ਕਿ, ਮੈਂ ਜਮਾਂਦਰੂ ਅਕਾਲੀ ਹਾਂ ਤੇ ਅਕਾਲ ਦੇ ਪੁਜਾਰੀ ਅਕਾਲੀ ਵਜੋਂ ਹੀ ਇਸ ਸੰਸਾਰ ਨੂੰ ਫਤਹ ਬੁਲਾਵਾਂਗਾ। ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਪਾਸ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੈ ਜਾਂ ਨਹੀਂ ਪਰ ਉਨ੍ਹਾਂ ਦੀ ਅਕਾਲੀ ਜਥੇਦਾਰ ਵਜੋਂ ਠਾਠ-ਬਾਠ ਹਮੇਸ਼ਾਂ ਕਾਇਮ ਰਹੀ ਹੈ ਅਤੇ ਅੱਜਕੱਲ੍ਹ ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਪਰਵਾਰ ਸਮੇਤ ਸਰਾਭਾ ਨਗਰ, ਲੁਧਿਆਣਾ ਵਿਖੇ ਨਿਵਾਸ ਰਖ ਰਹੇ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Roop Singh
ਸਾਬਕਾ, ਮੁੱਖ ਸਕੱਤਰ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)