editor@sikharchives.org

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ – 6 ਪੰਥ-ਰਤਨ ਮਾਸਟਰ ਤਾਰਾ ਸਿੰਘ ਜੀ

ਗੁਰਦੁਆਰੇ ’ਚੋਂ ਗੁਰਬਾਣੀ, ਸਿੱਖ ਇਤਿਹਾਸ ਦੀ ਵੱਡਮੁਲੀ, ਵਿਲੱਖਣ ਵਿਚਾਰਧਾਰਾ ਦੀ ਜਾਣਕਾਰੀ ਪ੍ਰਾਪਤ ਕਰ ਕੇ ਮਾਸਟਰ ਜੀ ਨੇ ਰੋਮ-ਰੋਮ ਤੋਂ ਗੁਰੂ-ਗ੍ਰੰਥ ਤੇ ਗੁਰੂ-ਪੰਥ ਨੂੰ ਸਮਰਪਿਤ ਹੋਣ ਦਾ ਮਨ ਬਣਾ ਲਿਆ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸ਼੍ਰੋਮਣੀ ਸਿੱਖ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪਹਿਲੇ ਸਕੱਤਰ, ਲੰਮੇਰਾ ਸਮਾਂ ਪ੍ਰਧਾਨ ਦੀ ਕੁਰਸੀ ’ਤੇ ਸ਼ੋਭਨੀਕ ਰਹੇ, ਉੱਘੇ ਧਾਰਮਿਕ-ਸਿਆਸੀ ਨੇਤਾ, ਸਿੱਖ ਸਾਹਿਤਕਾਰ, ਇਖਲਾਕ, ਇਮਾਨਦਾਰੀ ਤੇ ਸਿੱਖ ਆਚਰਨ ਦੀ ਜ਼ਿੰਦਾ ਮਿਸਾਲ, ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਦਾ ਜਨਮ 24 ਜੂਨ, 1885 ਈ. ਨੂੰ ਪਿਤਾ ਬਖਸ਼ੀ ਗੋਪੀ ਚੰਦ ਤੇ ਮਾਤਾ ਮੂਲਾ ਦੇਵੀ ਦੇ ਘਰ ਪਿੰਡ ਹਰਿਆਲ, ਰਾਵਲਪਿੰਡੀ ਵਿਖੇ ਹੋਇਆ। ਇਨ੍ਹਾਂ ਦਾ ਬਚਪਨ ਦਾ ਨਾਂ ਨਾਨਕ ਚੰਦ ਸੀ। ਪਰਵਾਰ ਧਾਰਮਿਕ ਜੀਵਨ ਜੀਉਣ ਵਾਲਾ ਸੀ। ਭਾਵੇਂ ਕਿ ਹਿੰਦੂ ਧਰਮ ਨਾਲ ਸੰਬੰਧਿਤ ਸਨ ਪਰ ਫਿਰ ਵੀ ਸਾਰਾ ਪਰਵਾਰ ਗੁਰੂ ਸਾਹਿਬਾਨ ਤੇ ਗੁਰਬਾਣੀ ਨਾਲ ਜੁੜੇ ਹੋਏ, ਗੁਰਮਤਿ ਵਿਚਾਰਧਾਰਾ ਦਾ ਅਦਬ-ਸਤਿਕਾਰ ਕਰਦੇ ਸਨ। ਆਪਣੇ ਪਿੰਡ ਦੇ ਮਦਰੱਸੇ ਤੋਂ ਮੁਢਲੀ ਵਿੱਦਿਆ-ਅੱਖਰ ਗਿਆਨ ਪ੍ਰਾਪਤ ਕਰ, ਮਾਸਟਰ ਜੀ ਮਿਸ਼ਨ ਸਕੂਲ ਰਾਵਲਪਿੰਡੀ ’ਚ ਦਾਖਲ ਹੋਏ। ਵਿੱਦਿਆ ਪ੍ਰਾਪਤੀ ਦੀ ਅਮੁੱਕ ਜਗਿਆਸਾ ਸਦਕਾ, ਪੜ੍ਹਾਈ ’ਚ ਮੋਹਰੀ ਰਹਿ, ਵਜ਼ੀਫ਼ਾ ਪ੍ਰਾਪਤ ਕਰਦੇ ਰਹੇ। ਮਾਸਟਰ ਜੀ ਦੇ ਬਚਪਨ ਸਮੇਂ ਪਿੰਡ ਦੇ ਗੁਰਦੁਆਰੇ ’ਚ ‘ਪੰਥ ਪ੍ਰਕਾਸ਼’ ਦੀ ਕਥਾ-ਵਿਆਖਿਆ ਹੁੰਦੀ ਸੀ ਜਿਸ ਨੂੰ ਸੁਣਨ ਵਾਸਤੇ ਇਹ ਰੋਜ਼ਾਨਾ ਗੁਰੂ-ਘਰ ਜਾਂਦੇ। ਗੁਰਦੁਆਰੇ ’ਚੋਂ ਗੁਰਬਾਣੀ, ਸਿੱਖ ਇਤਿਹਾਸ ਦੀ ਵੱਡਮੁਲੀ, ਵਿਲੱਖਣ ਵਿਚਾਰਧਾਰਾ ਦੀ ਜਾਣਕਾਰੀ ਪ੍ਰਾਪਤ ਕਰ ਕੇ ਮਾਸਟਰ ਜੀ ਨੇ ਰੋਮ-ਰੋਮ ਤੋਂ ਗੁਰੂ-ਗ੍ਰੰਥ ਤੇ ਗੁਰੂ-ਪੰਥ ਨੂੰ ਸਮਰਪਿਤ ਹੋਣ ਦਾ ਮਨ ਬਣਾ ਲਿਆ। ਛੁੱਟੀਆਂ ਸਮੇਂ ਇਨ੍ਹਾਂ ਗੁਰਬਾਣੀ ਤੇ ਸਿੱਖ ਇਤਿਹਾਸ ਨੂੰ ਖੂਬ ਪੜ੍ਹਿਆ, ਸਮਝਿਆ ਤੇ ਵਿਚਾਰਿਆ। ਇਨ੍ਹਾਂ ਦਿਨਾਂ ’ਚ ਮਹਾਨ ਸਿੱਖ ਸ਼ਖਸੀਅਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਵਾਲੇ ਪ੍ਰਚਾਰ ਦੌਰੇ ’ਤੇ ਆਏ। ਬਾਬਾ ਜੀ ਪਾਸੋਂ ਗੁਰਮਤਿ ਵਿਚਾਰਧਾਰਾ ਬਾਰੇ ਸੁਣ ਕੇ ਮਾਸਟਰ ਜੀ ਇਤਨੇ ਪ੍ਰਭਾਵਿਤ ਹੋਏ ਕਿ ਦਸਵੀਂ ’ਚ ਪੜ੍ਹਦਿਆਂ 1902 ਈ. ਵਿਚ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ, ਗੁਰੂ ਗ੍ਰੰਥ ਤੇ ਗੁਰੂ-ਪੰਥ ਨੂੰ ਸਮਰਪਿਤ ਹੋ ਗਏ। ਸ਼ਾਇਦ ਉਸ ਸਮੇਂ ਕਿਸੇ ਨੂੰ ਇਹ ਖਿਆਲ ਨਾ ਹੋਵੇ ਕਿ ਨਾਨਕ ਚੰਦ ਤੋਂ ਤਾਰਾ ਸਿੰਘ ਬਣ, ਸਿੱਖੀ ਮਾਰਗ ’ਚ ਪ੍ਰਵੇਸ਼ ਕਰਨ ਵਾਲੇ ਨੌਜੁਆਨ ਨੇ ਸਿੱਖ ਧਰਮ ਤੇ ਰਾਜਨੀਤੀ ’ਚ ਧਰੂ ਤਾਰੇ ਵਾਂਗ ਚਮਕਣਾ ਹੈ।

ਮਾਸਟਰ ਤਾਰਾ ਸਿੰਘ

ਹਿੰਦੂ ਪਰਵਾਰਾਂ ’ਚ ਉਸ ਸਮੇਂ ਇਕ ਚੰਗੀ ਪਰੰਪਰਾ ਵੀ ਸੀ ਕਿ ਆਪਣੇ ਬੱਚਿਆਂ ਵਿਚੋਂ ਇਕ ਬੱਚੇ ਨੂੰ ਸਿੱਖ ਸਜਾਉਂਦੇ ਸਨ ਪਰ ਮਾਸਟਰ ਤਾਰਾ ਸਿੰਘ ਹੋਰਾਂ ਦੇ ਪਰਵਾਰ ਦੇ ਮਾਮਲੇ ’ਚ ਵਿਸ਼ੇਸ਼ ਇਹ ਹੈ, ਕਿ ਕੁਝ ਸਮੇਂ ਬਾਅਦ ਇਨ੍ਹਾਂ ਦੀ ਭੈਣ ਅਤੇ ਇਨ੍ਹਾਂ ਦੇ ਚਾਰੇ ਭਰਾ ਵੀ ‘ਨਾਨਕ ਨਿਰਮਲ ਪੰਥ’ ਦੇ ਪਾਂਧੀ ਬਣ ਗਏ। 1903 ਈ. ਵਿਚ ਮਾਸਟਰ ਤਾਰਾ ਸਿੰਘ ਉਚੇਰੀ ਵਿੱਦਿਆ ਦੀ ਪ੍ਰਾਪਤੀ ਲਈ ਖਾਲਸਾ ਕਾਲਜ ਅੰਮ੍ਰਿਤਸਰ ’ਚ ਦਾਖਲ ਹੋਏ। ਕਾਲਜ ਦੀ ਪੜ੍ਹਾਈ ਸਮੇਂ ਮਾਸਟਰ ਜੀ ਕਾਲਜ ਹਾਕੀ ਟੀਮ ਦੇ ਕੈਪਟਨ ਤੇ ਫੁਟਬਾਲ ਟੀਮ ਦੇ ਮੈਂਬਰ ਸਨ।

1907 ਈ. ’ਚ ਕਾਲਜ ਦੀ ਇਮਾਰਤ ਦੀ ਕਾਰ-ਸੇਵਾ ਹੋ ਰਹੀ ਸੀ। ਮੇਜਰ ਹਿਲ ਨੇ ਕਾਰ-ਸੇਵਾ ਪ੍ਰਤੀ ਅਪਸ਼ਬਦ ਵਰਤ ਦਿੱਤੇ। ਮਾਸਟਰ ਤਾਰਾ ਸਿੰਘ ਜੀ ਦੀ ਅਗਵਾਈ ’ਚ ਵਿਦਿਆਰਥੀਆਂ ਨੇ ਹੜਤਾਲ ਕਰ ਦਿੱਤੀ। ਅਖ਼ੀਰ ਮਹਾਰਾਜਾ ਨਾਭਾ ਖ਼ੁਦ ਅੰਮ੍ਰਿਤਸਰ ਆਏ ਤੇ ਉਨ੍ਹਾਂ ਨੇ ਮਸਲਾ ਹੱਲ ਕਰਵਾਇਆ। ਮਾਸਟਰ ਜੀ ਅਧਿਆਪਕ ਬਣ ਕੌਮ-ਉਸਾਰੀ ਕਰਨਾ ਚਾਹੁੰਦੇ ਸਨ। ਇਸ ਮਿਸ਼ਨ ਦੀ ਪੂਰਤੀ ਲਈ 1907 ਈ. ’ਚ ਉਨ੍ਹਾਂ ਨੇ ਬੀ.ਏ. ਕਰਨ ਉਪਰੰਤ ਟੀਚਰ ਟ੍ਰੇਨਿੰਗ ਕੋਰਸ ਸ਼ੁਰੂ ਕੀਤਾ। ਇਸ ਸਾਲ ਹੀ ਮਾਸਟਰ ਜੀ ਨੇ ਗ੍ਰਿਹਸਤ ਮਾਰਗ ’ਚ ਪ੍ਰਵੇਸ਼ ਕੀਤਾ। ਇਨ੍ਹਾਂ ਦਾ ਅਨੰਦ ਕਾਰਜ ਬੀਬੀ ਤੇਜ਼ ਕੌਰ ਨਾਲ ਹੋਇਆ। ਮਾਸਟਰ ਜੀ ਦੇ ਘਰ ਦੋ ਲੜਕੇ ਅਤੇ ਦੋ ਲੜਕੀਆਂ ਹੋਈਆਂ। ਇਨ੍ਹਾਂ ਦੀ ਇਕ ਲੜਕੀ 20 ਸਾਲ ਦੀ ਉਮਰੇ ਅਕਾਲ ਚਲਾਣਾ ਕਰ ਗਈ। ਇਨ੍ਹਾਂ ਦੇ ਦੋਨਾਂ ਲੜਕਿਆਂ ਦੇ ਘਰ ਕੋਈ ਔਲਾਦ ਨਹੀਂ ਹੋਈ। ਇਨ੍ਹਾਂ ਦੀ ਬੇਟੀ ਬੀਬੀ ਰਜਿੰਦਰ ਕੌਰ ਦੀਆਂ ਦੋ ਲੜਕੀਆਂ ਅਤੇ ਇਕ ਲੜਕਾ ਹੈ, ਜੋ ਮਾਸਟਰ ਜੀ ਦੀ ਵਿਰਾਸਤ ਨੂੰ ਸੰਭਾਲ ਰਹੇ ਹਨ। 1908 ਈ. ’ਚ ਮਾਸਟਰ ਜੀ ਨੇ ਟੀਚਰ ਟ੍ਰੇਨਿੰਗ ਪ੍ਰਾਪਤ ਕਰ ਸ. ਸੁੰਦਰ ਸਿੰਘ ਤੇ ਸ. ਬਿਸ਼ਨ ਸਿੰਘ ਨਾਲ ਮਿਲ ਕੇ ਲਾਇਲਪੁਰ ਖਾਲਸਾ ਸਕੂਲ ਅਰੰਭ ਕੀਤਾ, ਜਿਸ ਦੇ ਇਹ ਮੁੱਖ ਅਧਿਆਪਕ ਬਣੇ। ਕੇਵਲ 15 ਰੁਪਏ ਮਾਸਿਕ ਮਾਣ-ਭੱਤੇ ’ਤੇ ਇਨ੍ਹਾਂ ਨੇ ਇਹ ਸੇਵਾ ਸ਼ੁਰੂ ਕੀਤੀ। ਦੋ ਸਾਲਾਂ ’ਚ ਹੀ ਇਸ ਸਕੂਲ ਦਾ ਇਲਾਕੇ ’ਚ ਨਾਂ ਬਣ ਗਿਆ। ਸਕੂਲ ’ਚ ਪੜ੍ਹਾਉਣ ਸਦਕਾ ਹੀ ਇਨ੍ਹਾਂ ਦੇ ਨਾਂ ਨਾਲ ‘ਮਾਸਟਰ’ ਸ਼ਬਦ ਸਦੀਵੀ ਜੁੜ ਗਿਆ। ਇਹ ਸਕੂਲ ਕੇਵਲ ਵਿਦਿਆਰਥੀਆਂ ਨੂੰ ਅੱਖਰ ਗਿਆਨ ਹੀ ਨਹੀਂ ਸੀ ਸਿਖਾਉਂਦਾ ਸਗੋਂ ਜੀਵਨ-ਜਾਚ ’ਚ ਵੀ ਪ੍ਰਪੱਕ ਕਰਦਾ ਸੀ। ਇਸ ਸਦਕਾ ਇਹ ਸਿੱਖੀ ਦੇ ਸਕੂਲ ਵਜੋਂ ਪ੍ਰਸਿੱਧ ਹੋਇਆ। ਕੁਝ ਸਮੇਂ ਬਾਅਦ ਹੀ ਇਸ ਸਕੂਲ ਦੀਆਂ ਨਵੀਆਂ ਸ਼ਾਖਾਵਾਂ ਖੋਲ੍ਹੀਆਂ ਗਈਆਂ।

ਮਾਸਟਰ ਜੀ ਦੀ ਅਗਵਾਈ ਵਿਚ ਲਾਇਲਪੁਰ ਸਿੱਖ-ਗਤੀਵਿਧੀਆਂ ਦਾ ਕੇਂਦਰ ਬਣ ਗਿਆ ਜਿਸ ਦਾ ਮੂਲ ਮਨੋਰਥ ਸਿੱਖ ਵਿਰਸੇ ਤੇ ਵਿਰਾਸਤ ਤੋਂ ਸਮੁੱਚੀ ਕੌਮ ਨੂੰ ਜਾਗਰਿਤ ਕਰਨਾ ਸੀ। ਇਸ ਕਾਰਜ ਵਾਸਤੇ ਮਾਸਟਰ ਜੀ ਨੇ ‘ਸੱਚ-ਦਾ ਢੰਡੋਰਾ’ ਹਫ਼ਤਾਵਾਰੀ ਪਰਚਾ ਸ਼ੁਰੂ ਕੀਤਾ। 1914 ਈ. ’ਚ ਮਾਸਟਰ ਜੀ ਲਾਇਲਪੁਰ ਤੋਂ ਕੱਲਰ ਖਾਲਸਾ ਹਾਈ ਸਕੂਲ ਦੇ ਮੁੱਖ ਅਧਿਆਪਕ ਲੱਗ ਗਏ ਪਰ ਦੋ ਸਾਲ ਬਾਅਦ ਹੀ ਮਾਸਟਰ ਜੀ ਨੇ ਆਪਣੇ ਸਕੂਲ ’ਚ ਫਿਰ ਸੇਵਾ ਸੰਭਾਲ ਲਈ।

ਗੁਰਦੁਆਰਾ ਰਕਾਬ ਗੰਜ ਦੀ ਕੰਧ ਅੰਗਰੇਜ਼ ਸਰਕਾਰ ਵੱਲੋਂ ਗਿਰਾਉਣ ’ਤੇ ਮਾਸਟਰ ਤਾਰਾ ਸਿੰਘ ਜੀ ਤੇ ਹੋਰ ਸਿੱਖ ਆਗੂਆਂ ਨੇ ਰਲ ਕੇ ਡਟ ਕੇ ਵਿਰੋਧ ਕੀਤਾ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ’ਚ ਸ਼ਾਮਲ ਹੋ ਹਰ ਮੋਰਚੇ ’ਚ ਮੋਹਰਲੀ ਕਤਾਰ ’ਚ ਖੜ੍ਹੇ ਹੋਏ। ਮਾਸਟਰ ਤਾਰਾ ਸਿੰਘ ਜੀ ਚੋਟੀ ਦੇ ਸਿਰ-ਕੱਢ ਧਾਰਮਿਕ, ਸਮਾਜਿਕ, ਰਾਜਸੀ ਆਗੂ ਵਜੋਂ ਧਰੂ ਤਾਰੇ ਵਾਂਗ ਚਮਕੇ।

15 ਨਵੰਬਰ, 1920 ਈ. ਨੂੰ ਸਿੱਖਾਂ ਦੀ ਸ਼੍ਰੋਮਣੀ ਸੰਸਥਾ, ਸ਼੍ਰੋਮਣੀ ਗੁ:ਪ੍ਰ:ਕਮੇਟੀ ਹੋਂਦ ਵਿਚ ਆਈ। ਮਾਸਟਰ ਤਾਰਾ ਸਿੰਘ ਜੀ ਦੀਆਂ ਧਾਰਮਿਕ, ਸਮਾਜਿਕ ਤੇ ਰਾਜਸੀ ਗਤੀਵਿਧੀਆਂ ਨੂੰ ਸਨਮੁਖ ਰੱਖਦਿਆਂ, ਇਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦਾ ਮੈਂਬਰ ਚੁਣ ਲਿਆ ਗਿਆ। ਮਾਸਟਰ ਤਾਰਾ ਸਿੰਘ ਜੀ ਨੂੰ ਇਸ ਸੰਸਥਾ ਦੇ ਪਹਿਲੇ ਸਕੱਤਰ ਹੋਣ ਦਾ ਸਤਿਕਾਰ ਪ੍ਰਾਪਤ ਹੋਇਆ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਨੂੰ ਲੋਕ-ਲਹਿਰ ਬਣਾਉਣ ’ਚ ਮਾਸਟਰ ਜੀ ਨੇ ਵਿਸ਼ੇਸ਼ ਯੋਗਦਾਨ ਪਾਇਆ। ਸਿੱਖ-ਸਿਧਾਂਤਾਂ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਪਰੰਪਰਾਵਾਂ ਤੇ ਮਰਯਾਦਾ ਤੋਂ ਸਿੱਖਾਂ ਨੂੰ ਜਾਗਰਿਤ ਕਰਨ ਲਈ ‘ਅਕਾਲੀ ਪੱਤ੍ਰਿਕਾ’ ਤੇ ‘ਪੰਜਾਬ ਕੇਸਰੀ’ ਅਖਬਾਰਾਂ ਸ਼ੁਰੂ ਕੀਤੀਆਂ। ਮਾਸਟਰ ਜੀ ਨੇ ਆਪਣੇ ਸੰਪਾਦਕੀ ਲੇਖਾਂ ’ਚ ਮਹੰਤਾਂ-ਪੁਜਾਰੀਆਂ ਦੀ ਗੁੰਡਾਗਰਦੀ ਅਤੇ ਅੰਗਰੇਜ਼ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਖੂਬ ਲਿਖਿਆ।

21 ਫਰਵਰੀ, 1921 ਈ. ਨੂੰ ਨਨਕਾਣਾ ਸਾਹਿਬ ਦਾ ਦੁਖਦਾਈ ਸਾਕਾ ਵਾਪਰ ਗਿਆ। 3 ਮਾਰਚ, 1921 ਈ. ਨੂੰ ਨਨਕਾਣਾ ਸਾਹਿਬ ਸ਼ਹੀਦਾਂ ਨੂੰ ਸਮਰਪਿਤ ਸ਼ਹੀਦੀ ਕਾਨਫਰੰਸ ਕੀਤੀ ਗਈ, ਜਿਸ ਵਿਚ ਸਿੱਖਾਂ ਨੂੰ ਸ਼ਹੀਦਾਂ ਦੇ ਸਤਿਕਾਰ ਦਾ ਅਤੇ ਅੰਗਰੇਜ਼ ਸਰਕਾਰ ਤੇ ਮਹੰਤਾਂ ਦੀ ਗੁੰਡਾਗਰਦੀ ਵਿਰੁੱਧ ਰੋਸ ਮੁਜ਼ਾਹਰਾ ਕਰਨ ਲਈ ਕਾਲੀਆਂ ਦਸਤਾਰਾਂ ਸਜਾਉਣ ਦਾ ਸੰਦੇਸ਼ ਦਿੱਤਾ ਗਿਆ। ਇਸ ਦੀਵਾਨ ਸਮੇਂ ਮਾਸਟਰ ਤਾਰਾ ਸਿੰਘ ਹੋਰਾਂ ਨੇ ਅਧਿਆਪਕ ਦੀ ਸੇਵਾ ਤੋਂ ਤਿਆਗ ਪੱਤਰ ਦੇ ਕੇ ਆਪਣਾ ਸਮੁੱਚਾ ਜੀਵਨ ਸਿੱਖ ਕੌਮ ਨੂੰ ਸਮਰਪਿਤ ਕਰ ਦਿੱਤਾ।

ਸ੍ਰੀ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਦੇ ਮੋਰਚੇ ਸਮੇਂ ਮਾਸਟਰ ਜੀ ਤੇ ਹੋਰ ਅਕਾਲੀ ਆਗੂਆਂ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ। ਮਾਸਟਰ ਜੀ ਦੇ ਪੰਥਕ ਜੀਵਨ ’ਚ ਇਹ ਪਹਿਲੀ ਗ੍ਰਿਫ਼ਤਾਰੀ ਸੀ। 17 ਜਨਵਰੀ, 1922 ਈ. ਨੂੰ ਸਾਰੇ ਅਕਾਲੀ ਆਗੂ ਰਿਹਾਅ ਕਰ ਦਿੱਤੇ ਗਏ। ਮਾਰਚ, 1922 ਈ. ’ਚ ਮਾਸਟਰ ਜੀ ਨੂੰ ਕਿਰਪਾਨ ਦੇ ਮੋਰਚੇ ਸਮੇਂ ਫਿਰ ਗ੍ਰਿਫ਼ਤਾਰ ਕਰ ਲਿਆ ਗਿਆ। 16 ਅਗਸਤ, 1922 ਈ. ਨੂੰ ਗੁਰੂ ਕੇ ਬਾਗ ਦੇ ਮੋਰਚੇ ਦੇ ਸਬੰਧ’ ਚ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ’ਚ ਬੰਦ ਕਰ ਦਿੱਤਾ ਗਿਆ ਜਿਨ੍ਹਾਂ ’ਚ ਮਾਸਟਰ ਜੀ ਵੀ ਸ਼ਾਮਲ ਸਨ।

ਮਹਾਰਾਜਾ ਨਾਭਾ ਦੇ ਹੱਕ ਵਿਚ ਮਾਸਟਰ ਤਾਰਾ ਸਿੰਘ ਜੀ ਨੇ ਅਕਾਲੀ ਤੇ ਪ੍ਰਦੇਸੀ ਅਖ਼ਬਾਰਾਂ ਵਿਚ ਸਿੱਖ ਜਜ਼ਬਾਤਾਂ ਨੂੰ ਟੁੰਬਣ ਵਾਲੇ ਧੜੱਲੇਦਾਰ ਸੰਪਾਦਕੀ ਲੇਖ ਲਿਖੇ। ਮਾਸਟਰ ਜੀ ਵੱਲੋਂ ਪੇਸ਼ ਕੀਤੇ ਜਾਣ ’ਤੇ ਸ਼੍ਰੋਮਣੀ ਗੁ:ਪ੍ਰ:ਕਮੇਟੀ ਨੇ ਅਗਸਤ, 1923 ਈ. ਵਿਚ ਮਹਾਰਾਜਾ ਨਾਭਾ ਨੂੰ ਗੱਦੀਓਂ ਉਤਾਰੇ ਜਾਣ ਦੇ ਵਿਰੋਧ ਵਿਚ ਗੁਰਮਤਾ ਕੀਤਾ। 7 ਜਨਵਰੀ, 1924 ਈ. ਨੂੰ ਅੰਗਰੇਜ਼ ਸਰਕਾਰ ਨੇ ਨਾਭਾ ਮੋਰਚਾ ਲਾਉਣ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਗੈਰ-ਕਾਨੂੰਨੀ ਕਰਾਰ ਦੇ ਕੇ ਮਾਸਟਰ ਜੀ ਸਮੇਤ ਸਮੁੱਚੀ ਕਾਰਜਕਾਰਨੀ ਤੇ ਰਾਜਸੀ ਆਗੂਆਂ ਨੂੰ ਜੇਲ੍ਹੀਂ ਬੰਦ ਕਰ ਦਿੱਤਾ। ਇਸ ਮੋਰਚੇ ਸਮੇਂ ਸਿੱਖਾਂ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਹੋਏ ਪੰਡਤ ਜਵਾਹਰ ਲਾਲ ਨਹਿਰੂ ਤੇ ਸ੍ਰੀ ਏ.ਟੀ. ਕਿਦਵਈ ਨੂੰ ਵੀ ਸਰਕਾਰ ਨੇ ਗ੍ਰਿਫ਼ਤਾਰ ਕਰ ਲਿਆ।

ਸਿੱਖ ਗੁਰਦੁਆਰਾ ਐਕਟ 1925 ਸਰਕਾਰ ਨੇ ਪ੍ਰਵਾਨ ਕਰ ਕੇ ਸ਼੍ਰੋਮਣੀ ਗੁ:ਪ੍ਰ:ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਸਵੀਕਾਰ ਕਰ ਲਿਆ। ਗੁਰਦੁਆਰਾ ਐਕਟ ਪਾਸ ਹੋਣ ਸਮੇਂ ਸ. ਤੇਜਾ ਸਿੰਘ ਸਮੁੰਦਰੀ ਅਤੇ ਮਾਸਟਰ ਤਾਰਾ ਸਿੰਘ ਸਮੇਤ ਸਾਰੇ ਸਿੱਖ ਆਗੂ ਜੇਲ੍ਹ ’ਚ ਬੰਦ ਸਨ। ਕੁਝ ਸਿੱਖ ਨੇਤਾ ਤਾਂ ਸਰਕਾਰ ਦੀਆਂ ਸ਼ਰਤਾਂ ਪ੍ਰਵਾਨ ਕਰ ਕੇ ਰਿਹਾਅ ਹੋ ਗਏ ਪਰ ਸ. ਤੇਜਾ ਸਿੰਘ ਸਮੁੰਦਰੀ ਤੇ ਮਾਸਟਰ ਤਾਰਾ ਸਿੰਘ ਸਮੇਤ 19 ਸਿੱਖ ਨੇਤਾ ਸਰਕਾਰੀ ਸ਼ਰਤਾਂ ਨੂੰ ਕਿਸੇ ਕੀਮਤ ’ਤੇ ਮੰਨਣ ਨੂੰ ਤਿਆਰ ਨਹੀਂ ਸਨ। ਕੁਝ ਸਮੇਂ ਬਾਅਦ ਸਰਕਾਰ ਨੇ ਇਨ੍ਹਾਂ ਸਿੱਖ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕਰ ਦਿੱਤਾ। ਜੂਨ, 1926 ਈ. ’ਚ ਸ਼੍ਰੋਮਣੀ ਗੁ:ਪ੍ਰ:ਕਮੇਟੀ ਦੀਆਂ ਪਹਿਲੀ ਵਾਰ ਆਮ ਚੋਣਾਂ ਹੋਈਆਂ। 2 ਅਕਤੂਬਰ, 1926 ਈ. ਨੂੰ ਗੁਰਦੁਆਰਾ ਐਕਟ ਅਨੁਸਾਰ ਸੈਂਟਰਲ ਗੁਰਦੁਆਰਾ ਬੋਰਡ ਦੀ ਪਹਿਲੀ ਇਕੱਤਰਤਾ ਹੋਈ। ਇਸ ਇਕੱਤਰਤਾ ਸਮੇਂ ਮਾਸਟਰ ਤਾਰਾ ਸਿੰਘ ਜੀ ਵਿਸ਼ੇਸ਼ ਦਰਸ਼ਕ ਵਜੋਂ ਸ਼ਾਮਲ ਸਨ। ਇਕੱਤਰਤਾ ਦੀ ਕਾਰਵਾਈ ਸ਼ੁਰੂ ਹੋਣ ’ਤੇ ਮਾਸਟਰ ਜੀ ਨੂੰ ਪਹਿਲੇ ਮੈਂਬਰ ਨਾਮਜ਼ਦ ਕੀਤਾ ਗਿਆ। ਬਾਬਾ ਖੜਕ ਸਿੰਘ ਜੀ ਨੂੰ ਸ਼੍ਰੋਮਣੀ ਗੁ:ਪ੍ਰ:ਕਮੇਟੀ ਦੇ ਪ੍ਰਧਾਨ ਚੁਣ ਲਿਆ ਗਿਆ ਅਤੇ ਮਾਸਟਰ ਤਾਰਾ ਸਿੰਘ ਜੀ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਬਾਬਾ ਖੜਕ ਸਿੰਘ ਜੀ ਉਸ ਸਮੇਂ ਜੇਲ੍ਹ ਵਿਚ ਸਨ ਜਿਸ ਕਰਕੇ ਮਾਸਟਰ ਤਾਰਾ ਸਿੰਘ ਜੀ ਨੇ ਮੀਤ ਪ੍ਰਧਾਨ ਹੁੰਦਿਆਂ, ਸ਼੍ਰੋਮਣੀ ਗੁ:ਪ੍ਰ:ਕਮੇਟੀ ਦੇ ਪ੍ਰਧਾਨ ਵਜੋਂ ਸੇਵਾ ਅਰੰਭ ਕੀਤੀ। ਪਹਿਲੀ ਇਕੱਤਰਤਾ ਸਮੇਂ ਹੀ ਸ. ਤੇਜਾ ਸਿੰਘ ਸਮੁੰਦਰੀ ਦੇ ਅਕਾਲ-ਚਲਾਣੇ ’ਤੇ ਅਫਸੋਸ ਦਾ ਸ਼ੋਕ ਮਤਾ ਪੇਸ਼ ਤੇ ਪ੍ਰਵਾਨ ਕੀਤਾ ਗਿਆ। ਇਸ ਤੋਂ ਉਪਰੰਤ ‘ਸੈਂਟਰਲ ਗੁਰਦੁਆਰਾ ਬੋਰਡ ਦਾ ਪਹਿਲਾ ਨਾਂ ਸ਼੍ਰੋਮਣੀ ਗੁ:ਪ੍ਰ:ਕਮੇਟੀ ਸ੍ਰੀ ਅੰਮ੍ਰਿਤਸਰ’ ਹੀ ਹੋਵੇਗਾ ਦਾ ਮਤਾ ਸਰਬ ਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਇਸੇ ਦਿਨ ਸ਼੍ਰੋਮਣੀ ਗੁ:ਪ੍ਰ:ਕਮੇਟੀ ਦੀ ਸਮੁੱਚੀ ਕਾਰਵਾਈ ਮਾਂ-ਬੋਲੀ ਪੰਜਾਬੀ ਵਿਚ ਕਰਨ ਸੰਬੰਧੀ ਇਤਿਹਾਸਕ ਫ਼ੈਸਲਾ ਕੀਤਾ ਗਿਆ। ਜਾਤ-ਪਾਤ, ਛੂਤ-ਛਾਤ ਦੇ ਵਿਤਕਰੇ-ਵਖਰੇਵੇਂ ਵਿਰੁੱਧ ਵੀ ਮਤਾ ਇਸ ਸਮੇਂ ਹੀ ਪਹਿਲੀ ਵਾਰ ਪਾਸ ਹੋਇਆ।

3 ਅਪ੍ਰੈਲ 1927 ਈ. ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਗੁ:ਪ੍ਰ:ਕਮੇਟੀ ਦੀ ਉਚੇਚੀ ਬੈਠਕ ਹੋਈ ਜਿਸ ਵਿਚ ਪੰਥਕ ਝਗੜਿਆਂ ਤੇ ਧੜੇਬੰਦੀ ਨੂੰ ਖ਼ਤਮ ਕਰਨ ਵਾਸਤੇ ਤਿੰਨ ਸਬ-ਕਮੇਟੀਆਂ ਬਣਾਈਆਂ ਗਈਆਂ ਜਿਨ੍ਹਾਂ ਵਿੱਚੋਂ ਮਾਸਟਰ ਤਾਰਾ ਸਿੰਘ ਜੀ ਸਰਬ-ਸਾਂਝੇ ਪੰਥਕ ਮਸਲਿਆਂ ਅਤੇ ਖੇਤਰੀ ਝਗੜਿਆਂ ਦੇ ਨਿਪਟਾਰੇ ਵਾਸਤੇ ਬਣੀ ਸਬ-ਕਮੇਟੀ ਦੇ ਮੈਂਬਰ ਸਨ। 8 ਅਕਤੂਬਰ, 1927 ਈ. ਨੂੰ ਦੁਬਾਰਾ ਬਾਬਾ ਖੜਕ ਸਿੰਘ ਜੀ ਪ੍ਰਧਾਨ ਤੇ ਮਾਸਟਰ ਤਾਰਾ ਸਿੰਘ ਜੀ ਮੀਤ ਪ੍ਰਧਾਨ ਚੁਣੇ ਗਏ। ਇਸ ਮੀਟਿੰਗ ਸਮੇਂ ਬਾਬਾ ਅਤਰ ਸਿੰਘ ਜੀ ਮਸਤੂਆਣਾ ਤੇ ਭਾਈ ਹੀਰਾ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਅਕਾਲ-ਚਲਾਣੇ ’ਤੇ ਸ਼ੋਕ ਮਤੇ ਕੀਤੇ ਗਏ।

ਫਰਵਰੀ 1928 ਈ. ’ਚ ਆਲ ਪਾਰਟੀ ਕਾਨਫਰੰਸ ਬੰਬਈ ਵਿਚ ਹੋਈ, ਜਿਸ ਵਿਚ ਮਾਸਟਰ ਤਾਰਾ ਸਿੰਘ ਜੀ ਸਿੱਖ ਪ੍ਰਤੀਨਿਧ ਵਜੋਂ ਸ਼ਾਮਲ ਹੋਏ। ਮਾਸਟਰ ਜੀ ਨੇ ‘ਨਹਿਰੂ ਰਿਪੋਰਟ’ ਦਾ ਡਟ ਕੇ ਵਿਰੋਧ ਕੀਤਾ, ਕਿਉਂਕਿ ਇਸ ਵਿਚ ਸਿੱਖ ਹਿੱਤਾਂ ਦੀ ਅਣਦੇਖੀ ਕੀਤੀ ਗਈ ਸੀ। ਸਿੱਖ ਲੀਗ ਦੇ ਪ੍ਰਧਾਨ ਵਜੋਂ ਵੀ ਮਾਸਟਰ ਜੀ ਕਾਰਜਸ਼ੀਲ ਰਹੇ। ਕਾਂਗਰਸ ਪਾਰਟੀ ਨਾਲ ਸੰਬੰਧਾਂ ਦੇ ਮਾਮਲੇ ’ਚ ਮਾਸਟਰ ਤਾਰਾ ਸਿੰਘ ਜੀ ਜਥੇਦਾਰ ਗਰੁੱਪ ਦੇ ਆਗੂ ਬਣ ਗਏ। ਕਾਂਗਰਸ ਦੇ ਲਾਹੌਰ ਸੈਸ਼ਨ ’ਚ ਮਾਸਟਰ ਤਾਰਾ ਸਿੰਘ ਜੀ ਸ਼ਾਮਲ ਹੋਏ, ਜਿਸ ਵਿਚ ਮਤਾ ਪਾਸ ਕੀਤਾ ਗਿਆ ਕਿ ‘ਭਾਰਤ ਵਿਚ ਅਜਿਹਾ ਸੰਵਿਧਾਨ ਲਾਗੂ ਕੀਤਾ ਜਾਵੇਗਾ, ਜਿਹੜਾ ਘੱਟ-ਗਿਣਤੀਆਂ ਨੂੰ ਪ੍ਰਵਾਨ ਹੋਵੇਗਾ।’

1930 ਈ. ਤੀਕ ਮਾਸਟਰ ਤਾਰਾ ਸਿੰਘ ਜੀ ਦੀ ਇਮਾਨਦਾਰੀ, ਨਿਸ਼ਕਾਮ ਸੇਵਾ ਤੇ ਗੁਰੂ-ਪੰਥ ਨੂੰ ਸਮਰਪਿਤ ਭਾਵਨਾ ਸਦਕਾ ਸਮੁੱਚੀ ਸਿੱਖ ਕੌਮ ਨੇ ਉਨਾਂ ਨੂੰ ਨਿਰਵਿਵਾਦ ਸਿੱਖ ਨੇਤਾ ਪ੍ਰਵਾਨ ਕਰ ਲਿਆ। ਸ਼੍ਰੋਮਣੀ ਗੁ:ਪ੍ਰ:ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਬ-ਪ੍ਰਵਾਨਿਤ ਨੇਤਾ ਵਜੋਂ ਮਾਸਟਰ ਤਾਰਾ ਸਿੰਘ ਜੀ ਗੁਰਦੁਆਰਾ ਪ੍ਰਬੰਧ ਸੁਧਾਰ, ਅਕਾਲੀ ਦਲ, ਦੇਸ਼ ਦੀ ਅਜ਼ਾਦੀ, ਪੰਜਾਬੀ ਸੂਬੇ ਤੇ ਪੰਜਾਬੀ ਭਾਸ਼ਾ ਵਾਸਤੇ ਹਮੇਸ਼ਾਂ ਸੰਘਰਸ਼ੀਲ ਰਹੇ, ਕਈ ਵਾਰ ਜੇਲ੍ਹ ਯਾਤਰਾ ਕੀਤੀ ਪਰ ਹਰ ਵਾਰ ਮਾਸਟਰ ਜੀ ਦਰਵੇਸ਼ ਸਿੱਖ ਸਿਆਸਤਦਾਨ, ਸਿੱਖ ਨੇਤਾ ਵਜੋਂ ਅਲਾਣੀ ਮੰਜੀ ’ਤੇ ਬੈਠੇ ਕੁਝ ਲਿਖਦੇ ਦਿਖਾਈ ਦਿੰਦੇ ਹਨ।

ਮਾਸਟਰ ਤਾਰਾ ਸਿੰਘ ਜੀ ਸਿੱਖ ਗੁਰਦੁਆਰਾ ਐਕਟ 1925 ਲਾਗੂ ਹੋਣ ਤੋਂ ਬਾਅਦ 2 ਅਕਤੂਬਰ, 1826 ਈ. ਤੋ 12 ਅਕਤੂਬਰ, 1930 ਈ. ਤੀਕ ਮੀਤ ਪ੍ਰਧਾਨ (ਬਾਬਾ ਖੜਕ ਸਿੰਘ ਦੀ ਗੈਰ-ਹਾਜ਼ਰੀ ’ਚ ਪ੍ਰਧਾਨ) ਵਜੋਂ 12 ਅਕਤੂਬਰ, 1930 ਈ. ਤੋਂ 17 ਜੂਨ, 1933 ਈ. ਤੀਕ ਪ੍ਰਧਾਨ, 13 ਜੂਨ, 1936 ਈ. ਤੋਂ 19 ਨਵੰਬਰ, 1944 ਈ., 4 ਅਪ੍ਰੈਲ, 1951 ਈ. ਤੋਂ 5 ਅਕਤੂਬਰ, 1952 ਈ., 17 ਫਰਵਰੀ, 1955 ਈ. ਤੋਂ 21 ਮਈ, 1955 ਈ., 16 ਅਕਤੂਬਰ 1955 ਈ. ਤੋਂ 16 ਨਵੰਬਰ, 1958 ਈ., 7 ਮਾਰਚ, 1960 ਈ.  ਤੋਂ 30 ਅਪ੍ਰੈਲ, 1960 ਈ., 10 ਮਾਰਚ, 1961 ਈ. ਤੋ 11 ਮਾਰਚ, 1962 ਈ. ਤੀਕ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਅਹੁਦੇ ’ਤੇ ਸੁਭਾਇਮਾਨ ਹੋ ਸੇਵਾ ਨਿਭਾਈ।

ਏਨਾ ਲੰਮੇਰਾ ਸਮਾਂ ਸ਼੍ਰੋਮਣੀ ਗੁ:ਪ੍ਰ:ਕਮੇਟੀ ਦੇ ਪ੍ਰਧਾਨ ਵਜੋਂ ਕਾਰਜਸ਼ੀਲ ਰਹੇ, ਮਾਸਟਰ ਤਾਰਾ ਸਿੰਘ ਜੀ ਦੀਆਂ ਪ੍ਰਾਪਤੀਆਂ ਨੂੰ ਇਕ ਲੇਖ ਵਿਚ ਕਲਮਬੰਦ ਕਰ ਸਕਣਾ ਅਸੰਭਵ ਹੈ।ਮਾਸਟਰ ਤਾਰਾ ਸਿੰਘ ਜੀ ਦੀ ਪ੍ਰਧਾਨਗੀ ਸਮੇਂ ਹੋਏ ਵਿਸ਼ੇਸ਼ ਕਾਰਜ ’ਚ ਸਿੱਖ ਕੈਦੀਆਂ ਦੀ ਰਿਹਾਈ ’ਤੇ ਵਧਾਈ, ਦਫ਼ਤਰੀ ਕੰਮ ਪੰਜਾਬੀ ’ਚ ਕਰਨ, ਜਾਤ-ਪਾਤ ਤੋੜਨ, ਪੰਚ ਖਾਲਸਾ ਦੀਵਾਨ ਨੂੰ ਪੰਥ ’ਚੋਂ ਖਾਰਜ ਕਰਨ, ਮਹਾਰਾਜਾ ਨਾਭਾ ਨਾਲ ਹਮਦਰਦੀ, ਸ. ਤੇਜਾ ਸਿੰਘ ਭੁੱਚਰ ਨੂੰ ਮਾਫੀ, ਪ੍ਰੋ: ਤੇਜਾ ਸਿੰਘ ਦੀ ਨਾਮਜ਼ਦਗੀ, ਸ੍ਰੀ ਅਕਾਲ ਤਖ਼ਤ ਸਾਹਿਬ ਲਈ ਨਿਯਮ-ਉਪਨਿਯਮ, ਕੌਮੀ ਝੰਡੇ ਬਾਰੇ ਅਕਾਲੀ ਦਲ ਦਾ ਐਲਾਨ, ਧਰਮ ਪ੍ਰਚਾਰ ਕਮੇਟੀ ਦਾ ਮੁੱਢ, ਛੂਤ-ਛਾਤ ਵਿਰੁੱਧ ਮਤਾ, ਡਸਕੇ ਦੇ ਗੁਰਦੁਆਰੇ ਬਾਰੇ ਮਤਾ, ਸਹਿਜਧਾਰੀ ਸਿੱਖਾਂ ਬਾਰੇ, ਕਸ਼ਮੀਰ ਦੇ ਗੁਰਦੁਆਰਿਆਂ ਦੇ ਪ੍ਰਬੰਧ ਬਾਰੇ, ਜਥੇਦਾਰ ਤੇ ਗ੍ਰੰਥੀਆਂ ਦੀ ਤਨਖਾਹ, ਰਹੁਰੀਤ ਕਮੇਟੀ ਦੇ ਮੈਂਬਰਾਂ ਬਾਰੇ, ਫਿਰਕੇਦਾਰਾਨਾ ਫ਼ੈਸਲੇ ਬਾਰੇ ਵਿਰੋਧ, ਖਾਲਸਾ ਦਸਤਕਾਰੀ ਸਕੂਲ, ਲਾਹੌਰ ਵਿਚ ਕਾਲਜ, ਕਮਿਊਨਲ ਅਵਾਰਡ ਦਾ ਵਿਰੋਧ, ਕੂਕਿਆਂ ਵੱਲੋਂ ਛਾਪੇ ਟਰੈਕਟਾਂ ਦੀ ਜ਼ਬਤੀ, ਨਸ਼ਿਆਂ ਵਿਰੁੱਧ ਪ੍ਰਣ ਪੱਤਰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ, ਖਾਲਸਾ ਰਹਿਤ ਮਰਯਾਦਾ ਦਾ ਖਰੜਾ, ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਰਾਰ ਦੇਣ ਵਿਰੁੱਧ ਮਤਾ, ਤਖ਼ਤਾਂ ਦੇ ਮੁਲਾਜ਼ਮ ਰਾਜਨੀਤੀ ਤੋਂ ਅਲੱਗ, ਗੁ: ਸ਼ਹੀਦ ਗੰਜ ਲਾਹੌਰ ਦਾ ਮਾਮਲਾ, ਸਿੱਖ ਨੈਸ਼ਨਲ ਕਾਲਜ, ਸਿੱਖ ਰਾਜਾ ਪਤਿਤ ਨਹੀਂ ਹੋਣਾ ਚਾਹੀਦਾ, ਝਟਕੇ ਬਾਰੇ ਬਿੱਲ, ਆਰਥਿਕ, ਭਾਈਚਾਰਕ ਤੇ ਵਿੱਦਿਅਕ ਉਨਤੀ ਬਾਰੇ, ਮਰਦਮਸ਼ੁਮਾਰੀ ਤੇ ਸਿੱਖ, ਪਾਕਿਸਤਾਨ ਦੀ ਥੀਊਰੀ ਵਿਰੁੱਧ, ਫ਼ੌਜ ’ਚ ਸਿੱਖਾਂ ਵਾਸਤੇ ਲੋਹ ਟੋਪ ਦਾ ਵਿਰੋਧ, ਨਾਮਧਾਰੀਆਂ ਦੇ ਪੱਤਰਾ ਪਾਠ ਦਾ ਵਿਰੋਧ, ਪੁਲਿਸ ਵਿਚ ਸਿੱਖ ਰਹਿਤ, ਧਾਰਮਿਕ ਮਾਸਿਕ ਪੱਤਰ, ਸਕੂਲਾਂ ਵਿਚ ਪੰਜਾਬੀ ਸਿਲੇਬਸ, ਮਹਾਤਮਾ ਗਾਂਧੀ ਦਾ ਮਰਨ ਵਰਤ ਖਲ੍ਹਾਉਣ ਬਾਰੇ, ਸਿੱਖ ਸੂਬੇ ਬਾਰੇ, ਸਤਿਆਰਥ ਪ੍ਰਕਾਸ਼ ਦੇ ਕੁਝ ਹਿੱਸਾ ਨਾ ਛਾਪਣ ਬਾਰੇ, ਸਿੱਖਾਂ ’ਤੇ ਪਾਬੰਦੀ ਹਟਾਉਣ ਬਾਰੇ, ਹੜ੍ਹ-ਪੀੜਤਾਂ ਨਾਲ ਹਮਦਰਦੀ, ਗੁਰਦੁਆਰਾ ਦਾਤਾ ਬੰਦੀ ਛੋੜ ਬਾਰੇ, ਨਨਕਾਣਾ ਸਾਹਿਬ ਐਜੂਕੇਸ਼ਨ ਟ੍ਰਸਟ, ਪਾਕਿਸਤਾਨ ਵਿਚਲੇ ਗੁਰਦੁਆਰਿਆਂ ਬਾਰੇ, ਪੰਜਾਬੀ ਬੋਲੀ, ਲਿੱਪੀ ਤੇ ਪੰਜਾਬੀ ਸੂਬੇ ਬਾਰੇ, ਸਿੱਖ ਇਤਿਹਾਸ ਰੀਸਰਚ ਬੋਰਡ, ਧਰਮ ਪ੍ਰਚਾਰ ਕਮੇਟੀ, ਮਿਸ਼ਨਰੀ ਕਾਲਜ ਆਦਿ ਬਾਰੇ ਮਹੱਤਵਪੂਰਨ ਫ਼ੈਸਲੇ ਲਏ ਗਏ ਜਿਨ੍ਹਾਂ ਬਾਰੇ ਵਿਸਥਾਰ ਵਿਚ ਜਾਣਾ ਸਾਡੇ ਵਾਸਤੇ ਸੰਭਵ ਨਹੀਂ।

9 ਮਾਰਚ, 1930 ਈ. ਨੂੰ ਮਾਸਟਰ ਜੀ ਦੀ ਪ੍ਰਧਾਨਗੀ ਸਮੇਂ ਇਨ੍ਹਾਂ ਵਿਰੁੱਧ ਇਕ ਮੈਂਬਰ ਨੇ ਮਤਾ ਪੇਸ਼ ਕੀਤਾ। ਮਾਸਟਰ ਜੀ ਨੇ ਕਿਹਾ ਕਿ ਭਾਵੇਂ ਕਿ ਇਸ ਮਤੇ ਦੀ ਮਿਆਦ ਖ਼ਤਮ ਹੋ ਚੁੱਕੀ ਹੈ ਪਰ ਕਿਉਂਕਿ ਇਹ ਮਤਾ ਮੇਰੇ ਨਾਲ ਸੰਬੰਧਿਤ ਹੈ, ਇਸ ਕਰਕੇ ਇਹ ਮਤਾ ਪੇਸ਼ ਕਰਨ ਦੀ ਆਗਿਆ ਹੈ। ਵੋਟਾਂ ਪੈਣ ਸਮੇਂ ਇਹ ਮਤਾ 13 ਦੇ ਮੁਕਾਬਲੇ 45 ਵੋਟਾਂ ਦੇ ਫਰਕ ਨਾਲ ਗਿਰ ਗਿਆ। 9 ਅਪ੍ਰੈਲ, 1931 ਈ. ਨੂੰ ਮਾਸਟਰ ਤਾਰਾ ਸਿੰਘ ਦੀ ਪ੍ਰਧਾਨਗੀ ’ਚ ਸੈਂਟਰਲ ਸਿੱਖ ਲੀਗ ਦਾ ਨੌਵਾਂ ਇਜਲਾਸ ਲਾਹੌਰ ’ਚ ਹੋਇਆ, ਜਿਸ ਵਿਚ ਮਹਾਤਮਾ ਗਾਂਧੀ ਵੀ ਸ਼ਾਮਲ ਹੋਏ।

ਖਾਲਸਾ ਕਾਲਜ ਅੰਮ੍ਰਿਤਸਰ ਦੇ ਅਧਿਆਪਕਾਂ ਨੇ 1933 ਈ. ਵਿਚ ‘ਗੁਰਸੇਵਕ ਸਭਾ’ ਬਣਾਈ। ਇਸ ਸਭਾ ਨੇ ਅਕਾਲੀ ਧੜੇਬੰਦੀ ਨੂੰ ਖ਼ਤਮ ਕਰਨ ਲਈ ਮਾਸਟਰ ਤਾਰਾ ਸਿੰਘ ਜੀ ਤੇ ਗਿਆਨੀ ਸ਼ੇਰ ਸਿੰਘ ਨੂੰ ਸਰਗਰਮ ਰਾਜਨੀਤੀ ਤੋਂ ਕੁਝ ਸਮਾਂ ਦੂਰ ਰਹਿਣ ਲਈ ਕਿਹਾ। ਮਾਸਟਰ ਜੀ ਨੇ ‘ਗੁਰਸੇਵਕ ਸਭਾ’ ਦਾ ਫ਼ੈਸਲਾ ਪ੍ਰਵਾਨ ਕਰਦਿਆ, ਸ਼੍ਰੋਮਣੀ ਗੁ:ਪ੍ਰ:ਕਮੇਟੀ, ਸ਼੍ਰੋਮਣੀ ਅਕਾਲੀ ਦਲ ਤੇ ਸਰਬ ਹਿੰਦ ਸਿੱਖ ਮਿਸ਼ਨ ਦੇ ਅਹੁਦਿਆਂ ਤੇ ਮੈਂਬਰੀ ਤੋਂ ਤਿਆਗ-ਪੱਤਰ ਦੇ ਦਿੱਤਾ। ਇਸ ਤਰ੍ਹਾਂ ਮਾਸਟਰ ਜੀ ਜੂਨ, 1934 ਈ. ਤੋਂ ਜਨਵਰੀ, 1935 ਈ. ਤੀਕ ਸਰਗਰਮ ਸਿੱਖ ਸਿਆਸਤ ਤੋਂ ਦੂਰ ਰਹੇ। ਪਰ ਮਾਸਟਰ ਜੀ ਆਪਣੇ ਨਜ਼ਦੀਕੀ ਮਿੱਤਰ ਸ. ਸੇਵਾ ਸਿੰਘ ਜੀ ਠੀਕਰੀਵਾਲਾ ਦੇ ਅਕਾਲ-ਚਲਾਣੇ ਦੀ ਖ਼ਬਰ ਪੜ੍ਹ ਕੇ ਫਿਰ ਪੰਜਾਬ ਆ ਗਏ। 1 ਅਪ੍ਰੈਲ, 1935 ਈ. ਨੂੰ ਸ਼੍ਰੋਮਣੀ ਅਕਾਲੀ ਦਲ ਨੇ ਕਾਰਜਕਾਰਨੀ ਦੀ ਮੀਟਿੰਗ ’ਚ ਫ਼ੈਸਲਾ ਕਰ ਕੇ ਮਾਸਟਰ ਜੀ ਦੀ ਅਗਵਾਈ ’ਚ ਪੂਰਨ ਭਰੋਸਾ ਪ੍ਰਗਟ ਕੀਤਾ। ਦੂਸਰੇ ਵਿਸ਼ਵ-ਯੁੱਧ ਮਗਰੋਂ ਸ਼ਿਮਲੇ ’ਚ ਹੋਈ ਗੋਲ-ਮੇਜ਼ ਕਾਨਫਰੰਸ ਸਮੇਂ ਮਾਸਟਰ ਜੀ ਨੇ ਸਿੱਖਾਂ ਦੀ ਪ੍ਰਤੀਨਿਧਤਾ ਕੀਤੀ ਅਤੇ ਮੁਸਲਮ ਲੀਗ ਦੀ ਦੇਸ਼-ਵੰਡ ਦੀ ਮੰਗ ਦਾ ਡਟਵਾਂ ਵਿਰੋਧ ਕੀਤਾ ਅਤੇ ਸਿੱਖ-ਸਿਧਾਂਤਾਂ, ਵਿਚਾਰਧਾਰਾ ਤੇ ਹਿੱਤਾਂ ਲਈ ਖੂਬ ਲੜੇ।

9 ਜੂਨ, 1930 ਈ., 21 ਫਰਵਰੀ 1931 ਈ., 9 ਅਪ੍ਰੈਲ 1944 ਈ. ਨੂੰ ਮਾਸਟਰ ਤਾਰਾ ਸਿੰਘ ਜੀ ਦੀਆਂ ਸੇਵਾਵਾਂ ਦਾ ਸਤਿਕਾਰ ਤੇ ਸਨਮਾਨ ’ਚ ਵਿਸ਼ੇਸ਼ ਗੁਰਮਤੇ ਕੀਤੇ ਗਏ। 1944 ਈ. ਵਿਚ ਮਾਸਟਰ ਤਾਰਾ ਸਿੰਘ ਜੀ ਨੇ ਅਕਾਲ ਰੈਜ਼ਮੈਂਟ ਖੜ੍ਹੀ ਕੀਤੀ। 27 ਦਸੰਬਰ, 1953 ਈ. ਨੂੰ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਸਮਾਗਮਾਂ ਸਮੇਂ ਮਾਸਟਰ ਤਾਰਾ ਸਿੰਘ ਜੀ ਨੇ ਪੰਡਤ ਜਵਾਹਰ ਲਾਲ ਨਹਿਰੂ ਨੂੰ ਬੋਲਣ ਦੀ ਆਗਿਆ ਨਾਂ ਦੇ ਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ। 28 ਮਈ, 1948 ਈ. ਨੂੰ ਮਾਸਟਰ ਜੀ ਦੀ ਅਗਵਾਈ ’ਚ ਪੰਜਾਬੀ ਸੂਬੇ ਦੀ ਮੰਗ ਸ਼ੁਰੂ ਕੀਤੀ ਗਈ ਅਤੇ 10 ਮਈ, 1955 ਈ. ਨੂੰ ਪੰਜਾਬੀ ਸੂਬੇ ਦੇ ਨਾਹਰੇ ਦਾ ਮੋਰਚਾ ਲੱਗਾ। ਮਈ, 1955 ਈ. ’ਚ ‘ਪੰਜਾਬੀ ਸੂਬਾ ਜਿੰਦਾਬਾਦ’ ਦਾ ਨਾਹਰਾ ਲਾਉਣ ’ਤੇ ਮਾਸਟਰ ਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਨੇ ਪੰਜਾਬੀ ਸੂਬਾ ਕਨਵੈਨਸ਼ਨ ਕਰ ਕੇ ਪੰਜਾਬੀ ਸੂਬੇ ਦੀ ਮੰਗ ਕੀਤੀ ਤੇ ਮੋਰਚਾ ਲਾਇਆ।

28 ਅਕਤੂਬਰ, 1951 ਈ. ਨੂੰ ਜਨਰਲ ਸਮਾਗਮ ਸਮੇਂ ਮਤਾ ਪੇਸ਼ ਹੋਣ ’ਤੇ ਪ੍ਰਵਾਨ ਹੋਇਆ ਕਿ ਪਾਕਿਸਤਾਨ ਵਿਚ ਰਹਿ ਗਏ ਗੁਰਦੁਆਰਿਆਂ ਦੇ ਸੰਬੰਧ ਵਿਚ ਹੇਠ ਲਿਖੇ ਅਨੁਸਾਰ ਅੱਖ਼ਰ ਅਰਦਾਸ ਵਿਚ ਸ਼ਾਮਲ ਕੀਤੇ ਜਾਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਹੁਕਮਨਾਮਾ ਜਾਰੀ ਕੀਤੇ ਜਾਣ ਦੀ ਪ੍ਰਵਾਨਗੀ ਦਿਤੀ ਜਾਂਦੀ ਹੈ। “ਹੇ ਅਕਾਲ ਪੁਰਖ! ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ।” (ਗੁ: ਗਜ਼ਟ ਪੰਨਾ 38, ਨਵੰਬਰ, 1951)

ਇਹ ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 25 ਜਨਵਰੀ, 1952 ਈ. ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੋਹਰ ਹੇਠ ਜਾਰੀ ਹੋਇਆ ਕਿ ਸਰਬੱਤ ਖਾਲਸਾ ਅਤੇ ਗੁਰਦੁਆਰਿਆਂ ਦੇ ਸੇਵਾਦਾਰਾਂ ਪ੍ਰਤੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਹੁਕਮ ਹੈ ਕਿ ਅਰਦਾਸੇ ਵਿਚ ਹੇਠਾਂ (ਉਕਤ) ਲਿਖੇ ਸ਼ਬਦ ਸ਼ਾਮਲ ਸਮਝੇ ਜਾਣ। (ਗੁ: ਗਜ਼ਟ ਫਰਵਰੀ 1952)

ਮਾਸਟਰ ਤਾਰਾ ਸਿੰਘ ਜੀ 16 ਨਵੰਬਰ, 1957 ਈ. ਨੂੰ ਪ੍ਰਧਾਨ, ਸ਼੍ਰੋਮਣੀ ਗੁ:ਪ੍ਰ:ਕਮੇਟੀ ਦੀ ਚੋਣ ਸਮੇਂ 3 ਵੋਟਾਂ ਨਾਲ ਪ੍ਰੇਮ ਸਿੰਘ ਲਾਲਪੁਰਾ ਤੋਂ ਚੋਣ ਹਾਰ ਗਏ ਪਰ 7 ਮਾਰਚ, 1960 ਈ. ’ਚ ਫਿਰ ਸਰਬ-ਸੰਮਤੀ ਨਾਲ ਪ੍ਰਧਾਨ ਚੁਣੇ ਗਏ। ਮਾਸਟਰ ਤਾਰਾ ਸਿੰਘ ਕੁਝ ਸਮਾਂ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁ:ਪ੍ਰ:ਕਮੇਟੀ) ਦੇ ਮੈਂਬਰ ਵੀ ਰਹੇ। ਮਾਸਟਰ ਤਾਰਾ ਸਿੰਘ ਜੀ ਸ਼੍ਰੋਮਣੀ ਗੁ:ਪ੍ਰ:ਕਮੇਟੀ ’ਚ ਬਹੁਤਾ ਸਮਾਂ ਨਾਮਜ਼ਦ ਮੈਂਬਰ ਵਜੋਂ ਕਾਰਜਸ਼ੀਲ ਰਹੇ। 29 ਨਵੰਬਰ, 1961 ਈ. ਨੂੰ ਮਾਸਟਰ ਤਾਰਾ ਸਿੰਘ ਜੀ ਤੇ ਵਰਕਿੰਗ ਕਮੇਟੀ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਤਨਖਾਹ ਸੁਣਾਈ ਜੋ ਇਨ੍ਹਾਂ ਖਿੜੇ ਮੱਥੇ ਪ੍ਰਵਾਨ ਕੀਤੀ। 22 ਨਵੰਬਰ, 1967 ਈ. ਨੂੰ ਪੰਥ-ਰਤਨ ਮਾਸਟਰ ਤਾਰਾ ਸਿੰਘ ਜੀ ਸਦੀਵੀ ਵਿਛੋੜਾ ਦੇ ਗਏ। 12 ਫਰਵਰੀ, 1968 ਈ. ਨੂੰ ਸ਼੍ਰੋਮਣੀ ਕਮੇਟੀ ਦੇ ਜਨਰਲ ਸਮਾਗਮ ਸਮੇਂ ਮਾਸਟਰ ਤਾਰਾ ਸਿੰਘ ਜੀ ਦੇ ਅਕਾਲ-ਚਲਾਣੇ ’ਤੇ ਸ਼ੋਕ-ਮਤਾ ਕੀਤਾ ਗਿਆ।

ਸਿੱਖ ਕੌਮ ਦੀ ਵਿਲੱਖਣ ਹੋਂਦ-ਹਸਤੀ ਤੇ ਪਹਿਚਾਣ ਲਈ ਮਾਸਟਰ ਜੀ ਜੀਵਨ ਭਰ ਸੰਘਰਸ਼ਸੀਲ ਰਹੇ। ਸਿੱਖ ਧਾਰਮਿਕ, ਸਮਾਜਿਕ, ਰਾਜਸੀ ਤੇ ਆਰਥਿਕ ਮਸਲਿਆਂ ਨੂੰ ਸੁਲਝਾਉਣ ਵਾਸਤੇ ਜੋ ਸ਼ਕਤੀ ਤੇ ਸਮਰੱਥਾ ਅਕਾਲ ਪੁਰਖ ਨੇ ਮਾਸਟਰ ਤਾਰਾ ਸਿੰਘ ਜੀ ਨੂੰ ਬਖਸ਼ੀ ਸੀ ਉਸ ਦਾ ਕੋਈ ਮੁਕਾਬਲਾ ਨਹੀਂ। ਅੱਜ ਵੀ ਮਾਸਟਰ ਤਾਰਾ ਸਿੰਘ ਜੀ ਦਾ ਨਾਂ ਸਿੱਖ ਧਰਮ, ਸਮਾਜ ’ਚ ਬੜੇ ਅਦਬ-ਸਤਿਕਾਰ ਨਾਲ ਲਿਆ ਜਾਂਦਾ ਹੈ। ਇਕ ਉਦਾਹਰਣ ਦੇਣੀ ਯੋਗ ਹੋਵੇਗੀ- ਗੁਰਪੁਰਵਾਸੀ ਪੰਥ-ਰਤਨ ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ ਹਮੇਸ਼ਾਂ ਮਾਸਟਰ ਜੀ ਦਾ ਨਾਂ ਸ੍ਰੀਮਾਨ ਪੰਥ ਰਤਨ, ਮਾਸਟਰ ਤਾਰਾ ਸਿੰਘ ਜੀ ਕਰਕੇ ਲਿਆ ਕਰਦੇ ਸਨ। ਮਾਸਟਰ ਜੀ ਦੇ ਸਤਿਕਾਰ ਵਜੋਂ ਸ਼੍ਰੋਮਣੀ ਗੁ:ਪ੍ਰ:ਕਮੇਟੀ ਦੀ ਜਨਰਲ ਚੋਣ ਸਮੇਂ ਜਦ ਬੀਬੀ ਕਿਰਨਜੋਤ ਕੌਰ ਦਾ ਨਾਂ ਜਨਰਲ ਸਕੱਤਰ ਵਜੋਂ ਪੇਸ਼ ਹੋਇਆ ਤਾਂ ਟੌਹੜਾ ਸਾਹਿਬ ਨੇ ਕਿਹਾ ਸੀ, ਕਿਉਂਕਿ ਬੀਬਾ ਕਿਰਨਜੋਤ ਕੌਰ ਸ੍ਰੀਮਾਨ ਪੰਥ ਰਤਨ, ਮਾਸਟਰ ਤਾਰਾ ਸਿੰਘ ਜੀ ਦੀ ਦੋਹਤਰੀ ਹੈ, ਇਸ ਲਈ ਅਸੀਂ ਇਸ ਦੇ ਵਿਰੋਧ ਵਿਚ ਉਮੀਦਵਾਰ ਨਹੀਂ ਖੜ੍ਹਾ ਕਰਾਂਗੇ। ਅਸੀਂ ਵੀ ਇਸ ਨਾਂ ਦੀ ਹਮਾਇਤ ਕਰਦੇ ਹਾਂ ਜਿਸ ਸਦਕਾ ਜਨਰਲ ਸਕੱਤਰ ਸਰਬ ਸੰਮਤੀ ਨਾਲ ਬੀਬਾ ਕਿਰਨਜੋਤ ਕੌਰ ਚੁਣੇ ਗਏ, ਜੋ ਹੁਣ ਤੀਕ ਮੈਂਬਰ ਸ਼੍ਰੋਮਣੀ ਕਮੇਟੀ ਵਜੋਂ ਕਾਰਜਸ਼ੀਲ ਹਨ।

ਮਾਸਟਰ ਤਾਰਾ ਸਿੰਘ ਜੀ ਦੀ ਯਾਦ ’ਚ ਉਨ੍ਹਾਂ ਦੇ ਨਾਂ ’ਤੇ ਸਕੂਲ, ਕਾਲਜ, ਹਸਪਤਾਲ ਤੇ ਲਾਇਬ੍ਰੇਰੀਆਂ ਸਥਾਪਤ ਹਨ। ਭਾਰਤ ਦੀ ਪਾਰਲੀਮੈਂਟ ਦੇ ਵਿਹੜੇ ਵਿਚ ਉਨ੍ਹਾਂ ਦਾ ਆਦਮ ਕਦ ਬੁੱਤ ਵੀ ਸਥਾਪਤ ਕੀਤਾ ਗਿਆ ਹੈ। ਪੰਜਾਬੀ ਸੂਬੇ ਦੀ ਪ੍ਰਾਪਤੀ ਵਾਸਤੇ ਉਨ੍ਹਾਂ ਲੰਮਾ ਸਮਾਂ ਭੁੱਖ-ਹੜਤਾਲ ਵੀ ਕੀਤੀ। ਮਾਂ-ਬੋਲੀ ਪੰਜਾਬੀ ਦੀ ਸੇਵਾ ’ਚ ਵੀ ਮਾਸਟਰ ਤਾਰਾ ਸਿੰਘ ਜੀ ਨੇ ਚੋਖਾ ਹਿੱਸਾ ਪਾਇਆ। ਮਾਸਟਰ ਜੀ ਆਪਣੇ ਸਮੇਂ ਉੱਘੇ ਸਾਹਿਤਕਾਰ ਤੇ ਪੱਤਰਕਾਰ ਸਨ। ਸਾਹਿਤਕਾਰ ਵਜੋਂ ਉਨ੍ਹਾਂ ਨੇ ਦੋ ਨਾਵਲ, ਤਿੰਨ ਲੇਖ ਸੰਗ੍ਰਹਿ, ਸਫ਼ਰਨਾਮਾ, ਸਵੈ-ਜੀਵਨੀ ਆਦਿ ਪੁਸਤਕਾਂ ਲਿਖੀਆਂ। ਪੱਤਰਕਾਰ ਵਜੋਂ ‘ਸੱਚ ਦਾ ਢੰਡੋਰਾ’, ‘ਅਕਾਲੀ’ ਤੇ ‘ਪ੍ਰਦੇਸੀ’, ‘ਜਥੇਦਾਰ’ ਆਦਿ ਹਫ਼ਤਾਵਾਰੀ ਅਖਬਾਰਾਂ ਸ਼ੁਰੂ ਕੀਤੀਆਂ। 1949 ਈ. ਵਿਚ ਮਾਸਟਰ ਜੀ ਨੇ ਪੰਥਕ ਮੈਗਜ਼ੀਨ ‘ਸੰਤ ਸਿਪਾਹੀ’ ਸ਼ੁਰੂ ਕੀਤਾ ਜੋ ਨਿਰੰਤਰ ਜਾਰੀ ਹੈ। ਮਾਸਟਰ ਤਾਰਾ ਸਿੰਘ ਜੀ ਇਕ ਵਾਹਦ ਨੇਤਾ ਸਨ ਜਿਨ੍ਹਾਂ ਤੋਂ ਅੰਗਰੇਜ਼ ਹਾਕਮ, ਹਿੰਦੂ ਤੇ ਮੁਸਲਮ ਨੇਤਾ ਭੈਅ ਖਾਂਦੇ ਸਨ। ਧਰਮ ਤੇ ਰਾਜਨੀਤੀ ’ਚ ਉਨ੍ਹਾਂ ਨੇ ਸੁਆਰਥ ਤੇ ਲਾਲਚ ਨੂੰ ਨੇੜੇ ਨਹੀਂ ਢੁੱਕਣ ਦਿੱਤਾ। ਕਿਹਾ ਜਾਂਦਾ ਹੈ ਕਿ ਮਾਸਟਰ ਜੀ ਸ਼੍ਰੋਮਣੀ ਗੁ:ਪ੍ਰ:ਕਮੇਟੀ ਦੀ ਪ੍ਰਧਾਨਗੀ ਸਮੇਂ ਪੈਂਨ ਦੀ ਸਿਆਹੀ ਵੀ ਦਫ਼ਤਰੀ ਨਹੀਂ ਸਨ ਵਰਤਦੇ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Roop Singh
ਸਾਬਕਾ, ਮੁੱਖ ਸਕੱਤਰ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)