editor@sikharchives.org

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ-12 ਜਥੇਦਾਰ ਪ੍ਰੀਤਮ ਸਿੰਘ ‘ਖੁੜੰਜ’

ਸ. ਪ੍ਰੀਤਮ ਸਿੰਘ ਖੁੜੰਜ ਬੜੇ ਨਿਰਛਲ, ਸਾਦੀ ਖੁਰਾਕ ਤੇ ਪਹਿਰਾਵੇ ਦੇ ਧਾਰਨੀ, ਸਮੇਂ ਸਿਰ ਸੱਚ ਬੋਲਣ ਵਾਲੇ, ਬੇਖੌਫ਼, ਨਿੱਡਰ ਧਰਮੀ ਨੇਤਾ ਸਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸਤ-ਸੰਤੋਖ ਸਹਿਜ ਦੇ ਧਾਰਨੀ, ਮਿੱਠ-ਬੋਲੜੇ, ਸੂਝਵਾਨ, ਅਕਾਲੀ ਨੇਤਾ, ਜਥੇਦਾਰ ਪ੍ਰੀਤਮ ਸਿੰਘ ਦਾ ਜਨਮ ਸ. ਬਿਸ਼ਨ ਸਿੰਘ ਤੇ ਮਾਤਾ ਬਸੰਤ ਕੌਰ ਦੇ ਘਰ ਵਾੜਾ ਵਰਿਆਮ ਸਿੰਘ, ਜ਼ਿਲ੍ਹਾ ਫਿਰੋਜ਼ਪੁਰ ’ਚ ਹੋਇਆ। ਸ. ਪ੍ਰੀਤਮ ਸਿੰਘ ਤਿੰਨ ਭਰਾਵਾਂ ਸ. ਰਾਜਿੰਦਰ ਸਿੰਘ ਤੇ ਸ. ਗੁਰਨਾਮ ਸਿੰਘ ‘ਚੋਂ ਵਿਚਕਾਰਲੇ ਸਨ। ਇਨ੍ਹਾਂ ਦਾ ਪਰਿਵਾਰਕ ਪਿਛੋਕੜ ਮੱਧ-ਵਰਗੀ ਮਲਵੱਈ ਕਿਸਾਨ ਪਰਵਾਰ ਨਾਲ ਸੀ। ਖੇਤੀਬਾੜੀ ਤੇ ਜ਼ਮੀਨ ਦੀ ਵੰਡ ਕਾਰਨ ਕੁਝ ਸਮਾਂ ਇਨ੍ਹਾਂ ਦੇ ਪਰਵਾਰ ਨੂੰ ਰੱਤਾਖੇੜਾ ਪੰਜਾਬ ਸਿੰਘ ਵਾਲਾ ’ਚ ਵੀ ਨਿਵਾਸ ਕਰਨਾ ਪਿਆ ਪਰ ਪੱਕੇ ਤੌਰ ’ਤੇ ਇਨ੍ਹਾਂ ਨੂੰ ਖੁੜੰਜ ਪਿੰਡ ’ਚ ਨਿਵਾਸ ਰੱਖਣਾ ਪਿਆ, ਜਿਸ ਕਰਕੇ ਇਨ੍ਹਾਂ ਦੇ ਨਾਲ ‘ਖੁੜੰਜ’ ਸ਼ਬਦ ਜੁੜ ਗਿਆ। ਭਾਵੇਂ ਕਿ ਇਹ ਮਧ-ਵਰਗੀ ਕਿਸਾਨ ਪਰਵਾਰ ਨਾਲ ਸਬੰਧਤ ਸਨ ਪਰ ਇਨ੍ਹਾਂ ਦੇ ਮਾਂ-ਬਾਪ ਦੀ ਰੀਝ ਸੀ ਕਿ ਬੱਚਿਆਂ ਨੂੰ ਚੰਗੀ-ਤਰ੍ਹਾਂ ਪੜ੍ਹਾਇਆ-ਲਿਖਾਇਆ ਜਾਵੇ। ਸ. ਪ੍ਰੀਤਮ ਸਿੰਘ ਨੇ ਮੁੱਢਲੀ ਵਿੱਦਿਆ ਆਪਣੇ ਇਲਾਕੇ ਦੇ ਸਕੂਲ ਤੋਂ ਪ੍ਰਾਪਤ ਕਰ, ਦਸਵੀਂ ਦਾ ਇਮਤਿਹਾਨ 1933 ਈ: ’ਚ ਮੋਗਾ ਦੇ ਹਾਈ ਸਕੂਲ ਤੋਂ ਪਾਸ ਕੀਤਾ। ਭਰ-ਜੁਆਨੀ ’ਚ ਇਹ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ ਅਤੇ ਧਰਮ ਪ੍ਰਤੀ ਨਿਸ਼ਠਾ, ਕੌਮ-ਸੇਵਾ ਦੇ ਜਜ਼ਬੇ ਤੇ ਭਾਵਨਾ ਸਦਕਾ ਆਖਰੀ ਸਾਹਾਂ ਤਕ ਰੋਮ-ਰੋਮ ਤੋਂ ਗੁਰੂ-ਘਰ ਨਾਲ ਜੁੜੇ ਰਹੇ।

ਜਥੇਦਾਰ ਪ੍ਰੀਤਮ ਸਿੰਘ ਦਾ ਵਿਆਹ ਬੀਬੀ ਗੁਰਬਚਨ ਕੌਰ ਨਾਲ ਪਿੰਡ ਅਬੁਲ ਖੁਰਾਣਾ ’ਚ ਹੋਇਆ। ਇਨ੍ਹਾਂ ਦੀ ਇਕਲੌਤੀ ਸਪੁੱਤਰੀ ਬੀਬਾ ਸੁਰਿੰਦਰਪਾਲ ਕੌਰ, ਸ. ਹਰਦਪਿੰਦਰ ਸਿੰਘ ਬਾਦਲ, ਨਾਲ ‘ਬਾਦਲ’ ਪਿੰਡ ’ਚ ਵਿਆਹੀ ਹੋਈ ਹੈ। ਸ. ਹਰਦਪਿੰਦਰ ਸਿੰਘ 1979 ਈ: ’ਚ ਚੱਕ ਫਤਹ ਸਿੰਘ ਵਾਲਾ, ਜ਼ਿਲ੍ਹਾ ਸ੍ਰੀ ਗੰਗਾਨਗਰ, (ਰਾਜਸਥਾਨ) ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਮੈਂਬਰ ਨਾਮਜ਼ਦ ਕੀਤੇ ਗਏ। ਹੁਣ ਪਿੰਡ ਖੁੜੰਜ ’ਚ ਸ. ਪ੍ਰੀਤਮ ਸਿੰਘ ਦੇ ਕੁਝ ਨਜ਼ਦੀਕੀ ਪਰਵਾਰ ਵਸ ਰਹੇ ਹਨ। ਜੁਆਨੀ ’ਚ ਹੀ ਲੋਕ ਸੇਵਾ ’ਚ ਕੁਦ ਪੈਣ ਕਰਕੇ ਸ. ਪ੍ਰੀਤਮ ਸਿੰਘ ਖੁੜੰਜ ਦੇ ਧਾਰਮਿਕ, ਸਿਆਸੀ ਤੇ ਸਮਾਜਿਕ ਖੇਤਰ ’ਚ ਕਾਰਜਸ਼ੀਲ ਵਰਕਰ ਤੋਂ ਲੈ ਕੇ ਪਾਰਟੀ ਮੁਖੀਆਂ ਤੀਕ ਬਹੁਤ ਚੰਗੇ ਸਬੰਧ ਸਨ। ਉਸ ਸਮੇਂ ਮਾਲਵੇ ਦੇ ਇਨ੍ਹਾਂ ਪਿੰਡਾਂ ਦੀ ਹਾਲਤ ਖਸਤਾ ਹੀ ਸੀ। ਸ. ਪ੍ਰੀਤਮ ਸਿੰਘ ਦੇ ਸਿਰਤੋੜ ਯਤਨਾਂ ਕਰਕੇ ਇਲਾਕੇ ਦੀ ਬੇਹਤਰੀ ਵਾਸਤੇ ਸਲਾਹੁਣਯੋਗ ਕਾਰਜ ਹੋਏ। ਇਨ੍ਹਾਂ ਨੇ ਬਿਜਲੀ-ਪਾਣੀ ਦੇ ਪ੍ਰਬੰਧ ਤੋਂ ਇਲਾਵਾ ਵਿੱਦਿਆ ਦੇ ਪ੍ਰਸਾਰ ਲਈ ਸਕੂਲ ਚਾਲੂ ਕਰਾਉਣ ਦਾ ਉਦਮ-ਉਪਰਾਲਾ ਕੀਤਾ।

ਜਥੇਦਾਰ ਪ੍ਰੀਤਮ ਸਿੰਘ ‘ਖੁੜੰਜ’

ਧਾਰਮਿਕ, ਸਮਾਜਿਕ ਤੇ ਰਾਜਸੀ ਕਾਰਜਾਂ ’ਚ ਵਧ-ਚੜ੍ਹ ਕੇ ਹਿੱਸਾ ਲੈਣ ਸਦਕਾ, ਸ. ਪ੍ਰੀਤਮ ਸਿੰਘ ਖੁੜੰਜ, ਤਹਿਸੀਲ ਮੁਕਤਸਰ, ਜ਼ਿਲ੍ਹਾ ਫਿਰੋਜ਼ਪੁਰ ਤੋਂ ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੇ ਗਏ। 28 ਮਈ, 1949 ’ਚ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਜਨਰਲ ਸਮਾਗਮ ਸਮੇਂ ਸ. ਪ੍ਰੀਤਮ ਸਿੰਘ ਖੁੜੰਜ ਬਤੌਰ ਮੈਂਬਰ ਹਾਜ਼ਰ ਹੋਏ। 4 ਅਪ੍ਰੈਲ, 1951 ਨੂੰ ਮਾਸਟਰ ਤਾਰਾ ਸਿੰਘ ਜੀ ਦੇਸ਼ ਵੰਡ ਪਿੱਛੋਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ। ਪ੍ਰਧਾਨ ਦੀ ਹੈਸੀਅਤ ਵਿਚ ਉਨ੍ਹਾਂ ਸ. ਪ੍ਰੀਤਮ ਸਿੰਘ ਖੁੜੰਜ ਨੂੰ ਅੰਤ੍ਰਿੰਗ ਕਮੇਟੀ ਮੈਂਬਰ ਚੁਣਿਆ।

5 ਅਕਤੂਬਰ, 1952 ਨੂੰ ਜਨਰਲ ਸਮਾਗਮ ਸਮੇਂ ਜਥੇਦਾਰ ਊਧਮ ਸਿੰਘ ਜੀ ਨੇ ਪ੍ਰਧਾਨਗੀ ਪਦ ਲਈ ਸ. ਨਾਹਰ ਸਿੰਘ ਲੁਧਿਆਣਾ ਦਾ ਨਾਂ ਪੇਸ਼ ਕੀਤਾ ਅਤੇ ਉਮਰਾਓ ਸਿੰਘ ਐਡਵੋਕੇਟ ਪੱਟੀ ਨੇ ਸ. ਪ੍ਰੀਤਮ ਸਿੰਘ ਖੁੜੰਜ (ਫਿਰੋਜ਼ਪੁਰ) ਦਾ ਨਾਂ ਪੇਸ਼ ਕੀਤਾ। ਪ੍ਰਧਾਨਗੀ ਪਦ ਵਾਸਤੇ ਦੋ ਨਾਂ ਪੇਸ਼ ਹੋਣ ’ਤੇ ਵੋਟਾਂ ਪਾਈਆਂ ਗਈਆਂ।

ਸ. ਨਾਹਰ ਸਿੰਘ ਨੂੰ 71 ਵੋਟਾਂ ਅਤੇ ਸ. ਪ੍ਰੀਤਮ ਸਿੰਘ ਖੁੜੰਜ ਨੂੰ 78 ਵੋਟਾਂ ਪ੍ਰਾਪਤ ਹੋਈਆਂ। ਇਸ ਤਰ੍ਹਾਂ ਸ. ਪ੍ਰੀਤਮ ਸਿੰਘ ਖੁੜੰਜ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੇ ਗਏ। ਬਾਕੀ ਕਾਰਵਾਈ ਸ. ਪ੍ਰੀਤਮ ਸਿੰਘ ਖੁੜੰਜ ਦੀ ਪ੍ਰਧਾਨਗੀ ’ਚ ਸੰਪੂਰਨ ਹੋਈ। ਸ. ਸਰਮੁੱਖ ਸਿੰਘ ਚਮਕ ਸੀਨੀਅਰ ਮੀਤ ਪ੍ਰਧਾਨ ਅਤੇ ਸ. ਕਰਤਾਰ ਸਿੰਘ ਵਲਟੋਹਾ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੇ ਗਏ।

ਇਸ ਤਰ੍ਹਾਂ ਸ. ਪ੍ਰੀਤਮ ਸਿੰਘ ਖੁੜੰਜ 5 ਅਕਤੂਬਰ, 1952 ਨੂੰ ਸਿੱਖ ਕੌਮ ਦੀ ਪ੍ਰਤੀਨਿਧ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਦੇ ਅਹੁਦੇ ’ਤੇ ਬਿਰਾਜਮਾਨ ਹੋ ਗਏ। 18 ਜਨਵਰੀ, 1953 ਈ: ਨੂੰ ਹੋਏ ਵਿਸ਼ੇਸ਼ ਜਨਰਲ ਇਜਲਾਸ ਸਮੇਂ ਬਕਾਇਦਾ ਕਾਰਵਾਈ ਸ਼ੁਰੂ ਹੋਣ ’ਤੇ ਪ੍ਰਧਾਨ, ਮੀਤ ਪ੍ਰਧਾਨ ਤੇ ਜਨਰਲ ਸਕੱਤਰ ਓਹੋ ਰਹੇ ਜੋ ਪਿਛਲੇ ਸਾਲ ਚੁਣੇ ਗਏ ਸਨ ਅਤੇ ਅੰਤ੍ਰਿੰਗ ਕਮੇਟੀ ਵਿਚ ਕੁਝ ਅਦਲਾ-ਬਦਲੀ ਕੀਤੀ ਗਈ। 4 ਮਾਰਚ, 1953 ਨੂੰ ਜਨਰਲ ਸਮਾਗਮ ਸ. ਪ੍ਰੀਤਮ ਸਿੰਘ ਖੁੜੰਜ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਹੋਇਆ ਜਿਸ ਵਿਚ ਕੁਲ 144 ਮੈਂਬਰ ਹਾਜ਼ਰ ਹੋਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜ਼ਟ ਸਾਲ 1953-1954 ’ਚ ਸ. ਸਰਮੁੱਖ ਸਿੰਘ ਚਮਕ, ਸੀਨੀਅਰ ਮੀਤ ਪ੍ਰਧਾਨ ਨੇ ਪੇਸ਼ ਕੀਤਾ ਤੇ ਪ੍ਰਧਾਨ ਸਾਹਿਬ ਦੀ ਆਗਿਆ ਨਾਲ ਧਰਮ ਅਰਥ ਖਾਤੇ ਵਿਚ 4000/- ਰੁਪਏ ਖਰਚ ਦੀ ਮਦ ਵਿਚ ਵਧਾਏ ਜਾਣ ਦੀ ਤਜ਼ਵੀਜ਼ ਪੇਸ਼ ਕੀਤੀ, ਜਿਸ ਨੂੰ ਬਜ਼ਟ ਵਿਚ ਪ੍ਰਵਾਨ ਕੀਤਾ ਗਿਆ।

ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਨੂੰ ਇੰਜੀਨੀਅਰਿੰਗ ਕਾਲਜ ਲੁਧਿਆਣਾ, ਖੋਲ੍ਹਣ ਲਈ ਦੋ ਲੱਖ ਰੁਪਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਸਤਕਾਰੀ ਫੰਡ ਵਿੱਚੋਂ ਸਹਾਇਤਾ ਵਜੋਂ ਦਿੱਤੇ ਜਾਣ ਦੀ ਪ੍ਰਵਾਨਗੀ ਦਿੱਤੀ ਗਈ। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੀ ਅਮਾਨਤ ਵਿੱਚੋਂ ਗੁਰਦੁਆਰਾ ਐਕਟ ਵਿਚ ਲੋੜੀਂਦੀ ਤਰਮੀਮ ਹੋ ਜਾਣ ਉਪਰੰਤ ਅੱਠ ਲੱਖ ਰੁਪਏ ਕੇਵਲ ਦੀ ਅਦਾਇਗੀ ਵੀ ਉਕਤ ਟਰੱਸਟ ਨੂੰ ਕਰ ਦਿੱਤੀ ਗਈ।

ਠੀਕ ਇਕ ਸਾਲ ਬਾਅਦ 18 ਜਨਵਰੀ, 1954 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੀ ਸਪੈਸ਼ਲ ਜਨਰਲ ਇਕੱਤਰਤਾ ਹੋਈ ਜਿਸ ਵਿਚ ਜਥੇਦਾਰ ਊਧਮ ਸਿੰਘ ਨਾਗੋਕੇ ਨੇ ਇਕੱਤਰਤਾ ਦਾ ਪ੍ਰਯੋਜਨ ਸਪਸ਼ਟ ਕੀਤਾ ਅਤੇ ਉਚੇਚੀ ਇਕੱਤਰਤਾ ਦੇ ਏਜੰਡੇ ਅਨੁਸਾਰ ਇਹ ਮਤਾ ਪੇਸ਼ ਕੀਤਾ ਕਿ, “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਜਨਰਲ ਇਕੱਤਰਤਾ ਅੰਤ੍ਰਿੰਗ ਕਮੇਟੀ ਉਪਰ ਬੇ-ਪਰਤੀਤੀ ਪ੍ਰਗਟ ਕਰਦੀ ਹੈ” ਇਸ ਤੋਂ ਉਪਰੰਤ ਸਰਬ-ਸੰਮਤੀ ਨਾਲ ਇਹ ਮਤਾ ਪਾਸ ਹੋ ਗਿਆ। ਇਸ ਤਰ੍ਹਾਂ ਇਸ ਦਿਨ ਹੀ ਸ. ਪ੍ਰੀਤਮ ਸਿੰਘ ਖੁੜੰਜ ਦੀ ਪ੍ਰਧਾਨਗੀ ਦਾ ਕਾਰਜ ਕਾਲ ਸੰਪੂਰਨ ਹੋ ਗਿਆ।

ਸ. ਪ੍ਰੀਤਮ ਸਿੰਘ ਖੁੜੰਜ ਮਾਲਵੇ ਦੇ ਪਹਿਲੇ ਅਕਾਲੀ ਆਗੂ ਸਨ, ਜਿਨ੍ਹਾਂ ਨੂੰ ਸ਼੍ਰੋਮਣੀ ਸਿੱਖ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਦੇ ਅਹੁਦੇ ’ਤੇ ਸੁਸ਼ੋਭਿਤ ਹੋਣ ਦਾ ਮਾਣ-ਸਤਿਕਾਰ ਪ੍ਰਾਪਤ ਹੋਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਸ. ਪ੍ਰੀਤਮ ਸਿੰਘ, ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਦੇ ਗਰੁਪ ਨਾਲ ਸਬੰਧਤ ਸਨ। ਆਮ ਵਰਕਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਪਦਵੀ ’ਤੇ ਪਹੁੰਚਣ ਵਾਲੇ ਸ. ਪ੍ਰੀਤਮ ਸਿੰਘ ਖੁੜੰਜ ਬੜੇ ਨਿਰਛਲ, ਸਾਦੀ ਖੁਰਾਕ ਤੇ ਪਹਿਰਾਵੇ ਦੇ ਧਾਰਨੀ, ਸਮੇਂ ਸਿਰ ਸੱਚ ਬੋਲਣ ਵਾਲੇ, ਬੇਖੌਫ਼, ਨਿੱਡਰ ਧਰਮੀ ਨੇਤਾ ਸਨ। ਸ. ਪ੍ਰੀਤਮ ਸਿੰਘ ਖੁੜੰਜ ਦੀ ਸਪੁੱਤਰੀ ਦੇ ਦੱਸਣ ਅਨੁਸਾਰ ਸਰਦਾਰ ਸਾਹਿਬ ਇਤਨੇ ਨਿਸ਼ਕਾਮ ਭਾਵਨਾ ਵਾਲੇ ਸ਼ਰਧਾਲੂ ਸਿੱਖ ਸਨ ਕਿ ਗੁਰੂ-ਘਰ ਤੋਂ ਪ੍ਰਸ਼ਾਦਾ ਵੀ ਨਹੀਂ ਸਨ ਛਕਦੇ। ਹਰ ਸਮੇਂ ਘਰ ਤੋਂ ਪ੍ਰਸ਼ਾਦਾ ਤਿਆਰ ਕਰਕੇ ਲਿਆਉਂਦੇ ਸਨ। ਗੁਰੂ-ਘਰਾਂ ’ਚ ਦੇਸੀ ਘਿਓ ਦੀ ਦੇਗ ਪ੍ਰਚਲਤ ਕਰਨ ’ਚ ਇਨ੍ਹਾਂ ਵਿਸ਼ੇਸ਼ ਯੋਗਦਾਨ ਪਾਇਆ।

ਪੰਥਕ ਪਿਆਰ ਤੇ ਜਜ਼ਬੇ ’ਚ ਗੜੂੰਦ ਸਿੱਖ ਸ਼ਖ਼ਸੀਅਤ, ਸ. ਪ੍ਰੀਤਮ ਸਿੰਘ ਖੁੜੰਜ ਕੁਝ ਸਮਾਂ ਬੀਮਾਰ ਰਹਿਣ ਉਪਰੰਤ 3 ਅਗਸਤ, 1979 ਨੂੰ ਪਰਲੋਕ ਪਿਆਨਾ ਕਰ ਗਏ। 31 ਅਗਸਤ, 1979 ਨੂੰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਪ੍ਰਧਾਨਗੀ ’ਚ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਸਮੇਂ ਮਤਾ ਨੰਬਰ 32 ਰਾਹੀਂ ਸ. ਪ੍ਰੀਤਮ ਸਿੰਘ ਖੁੜੰਜ ਦੀ ਯਾਦ ’ਚ ਅਫ਼ਸੋਸ ਦਾ ਮਤਾ ਪਾਸ ਕੀਤਾ ਗਿਆ ਅਤੇ ਇਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਅਰਦਾਸ ਕੀਤੀ ਗਈ ਕਿ ਵਿਛੜੀ ਆਤਮਾ ਨੂੰ ਪਰਮਾਤਮਾ ਆਪਣੇ ਚਰਨਾਂ ’ਚ ਨਿਵਾਸ ਬਖਸ਼ਿਸ਼ ਕਰਨ, ਪਿੱਛੇ ਸਮੂਹ ਪਰਵਾਰ, ਸਬੰਧੀਆਂ ਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ। ਸ. ਪ੍ਰੀਤਮ ਸਿੰਘ ਖੁੜੰਜ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ’ਚ ਸੁਸ਼ੋਭਿਤ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Roop Singh
ਸਾਬਕਾ, ਮੁੱਖ ਸਕੱਤਰ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)