editor@sikharchives.org

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ- 4 : ਸਰਦਾਰ ਬਹਾਦਰ ਮਹਿਤਾਬ ਸਿੰਘ

ਸ. ਮਹਿਤਾਬ ਸਿੰਘ ਦੀ ਦਿਆਨਤਦਾਰੀ ਤੇ ਸੇਵਾ ਨੂੰ ਸਨਮੁਖ ਰੱਖਦਿਆਂ ਅੰਗਰੇਜ਼ ਸਰਕਾਰ ਨੇ ਕਈ ਮਾਣ-ਸਨਮਾਨ ਦਿੱਤੇ, ਜਿਨ੍ਹਾਂ ਵਿਚ ‘ਸਰਦਾਰ ਸਾਹਿਬ’ ਤੇ ‘ਸਰਦਾਰ ਬਹਾਦਰ’ ਦੀ ਉਪਾਧੀ ਵੀ ਸ਼ਾਮਲ ਸੀ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ਼੍ਰੋਮਣੀ ਗੁ:ਪ੍ਰ:ਕਮੇਟੀ ਸ੍ਰੀ ਅੰਮ੍ਰਿਤਸਰ ਦੀ ਪ੍ਰਧਾਨਗੀ ਪਦਵੀ ’ਤੇ ਸ਼ੋਭਨੀਕ ਰਹੇ, ਦਰਵੇਸ਼, ਦਾਨਸ਼ਮੰਦ, ਦੂਰਦਰਸ਼ੀ ਸਿੱਖ ਸਿਆਸਤਦਾਨ, ਸਿੱਖ ਵਿਚਾਰਧਾਰਾ ਨੂੰ ਸਮਰਪਿਤ ਉੱਘੇ ਸਿੱਖ ਵਕੀਲ ਸ. ਮਹਿਤਾਬ ਸਿੰਘ ਦਾ ਜਨਮ ਸ. ਹਜ਼ੂਰ ਸਿੰਘ ਤੇ ਬੀਬੀ ਕਰਮ ਕੌਰ ਦੇ ਘਰ 1879 ਈ: ’ਚ ਪਿੰਡ ਹਡਾਲੀ, ਜ਼ਿਲ੍ਹਾ ਸ਼ਾਹਪੁਰ ਪੱਛਮੀ ਪੰਜਾਬ ’ਚ ਹੋਇਆ। ਅਜੇ ਕੇਵਲ ਚਾਰ ਸਾਲ ਦੇ ਸਨ ਕਿ ਇਨ੍ਹਾਂ ਦੇ ਪਿਤਾ ਜੀ ਗੁਰਪੁਰੀ ਪਿਆਨਾ ਕਰ ਗਏ। ਅਰੰਭਕ ਵਿੱਦਿਆ ਇਨ੍ਹਾਂ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ। ਭੇਰੇ ਦੇ ਮਿਡਲ ਸਕੂਲ ਤੋਂ ਅਠਵੀਂ ਜਮਾਤ ਪਾਸ ਕਰ 1895 ਈ: ਨੂੰ ਦਸਵੀਂ ਸੈਂਟਰਲ ਮਾਡਲ ਸਕੂਲ ਲਾਹੌਰ ਤੋਂ ਪਾਸ ਕੀਤੀ। ਉਚੇਰੀ ਪੜ੍ਹਾਈ ’ਚ ਰੁਚੀ ਹੋਣ ’ਤੇ ਪਰਵਾਰਿਕ ਸਥਿਤੀ ਠੀਕ ਹੋਣ ਕਾਰਨ ਇਹ ਵਕਾਲਤ ਦੀ ਪੜ੍ਹਾਈ ਕਰਨ ਇੰਗਲੈਂਡ ਚਲੇ ਗਏ। ਤਿੰਨ ਸਾਲ ਬਾਅਦ ਸ. ਮਹਿਤਾਬ ਸਿੰਘ ਬੈਰਿਸਟਰ-ਇਨ-ਲਾਅ ਬਣ ਪੰਜਾਬ ਪਰਤੇ ਅਤੇ ਸ਼ਾਹਪੁਰ ਜ਼ਿਲ੍ਹਾ ਕਚਹਿਰੀ ’ਚ ਵਕਾਲਤ ਸ਼ੁਰੂ ਕਰ ਦਿੱਤੀ। ਥੋੜ੍ਹੇ ਸਮੇਂ ਬਾਅਦ ਹੀ 1910 ਈ: ’ਚ ਇਨ੍ਹਾਂ ਸਰਕਾਰੀ ਵਕੀਲ ਬਣ ਫਿਰੋਜ਼ਪੁਰ ਤੇ ਲਾਹੌਰ ’ਚ ਸੇਵਾ ਕੀਤੀ। ਸ. ਮਹਿਤਾਬ ਸਿੰਘ ਦੀ ਦਿਆਨਤਦਾਰੀ ਤੇ ਸੇਵਾ ਨੂੰ ਸਨਮੁਖ ਰੱਖਦਿਆਂ ਅੰਗਰੇਜ਼ ਸਰਕਾਰ ਨੇ ਕਈ ਮਾਣ-ਸਨਮਾਨ ਦਿੱਤੇ, ਜਿਨ੍ਹਾਂ ਵਿਚ ‘ਸਰਦਾਰ ਸਾਹਿਬ’ ਤੇ ‘ਸਰਦਾਰ ਬਹਾਦਰ’ ਦੀ ਉਪਾਧੀ ਵੀ ਸ਼ਾਮਲ ਸੀ।

ਸ਼ਾਹਪੁਰ ’ਚ ਵਕਾਲਤ ਕਰਨ ਸਮੇਂ ਇਨ੍ਹਾਂ ਨੇ ਖਾਲਸਾ ਸਕੂਲ ਤੇ ਗੁਰਦੁਆਰਾ ਬਣਾਉਣ ’ਚ ਵਡੇਰਾ ਯੋਗਦਾਨ ਪਾਇਆ। ਚੀਫ ਖਾਲਸਾ ਦੀਵਾਨ ਤੇ ਹੋਰ ਸਮਾਜਿਕ ਜਥੇਬੰਦੀਆਂ ਦੇ ਮੈਂਬਰ ਰਹੇ ਸ. ਮਹਿਤਾਬ ਸਿੰਘ ਜੀ, ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ’ਚ ਸ਼ਾਮਲ ਹੋਣ ਤੋਂ ਪਹਿਲਾਂ ਇਹ 1919 ਈ: ’ਚ ਪੰਜਾਬ ਕੌਂਸਲ ਦੇ ਮੈਂਬਰ ਚੁਣੇ ਗਏ। 1920 ਈ. ਵਿਚ ਸ. ਮਹਿਤਾਬ ਸਿੰਘ ਜੀ ਪੰਜਾਬ ਕੌਸਲ ਦੇ ਡਿਪਟੀ ਚੇਅਰਮੈਨ ਬਣ ਗਏ। ਕਿਰਪਾਨ ਬਾਰੇ ਹੋਏ ਫ਼ੈਸਲੇ ਬਾਰੇ ਸ. ਮਹਿਤਾਬ ਸਿੰਘ ਜੀ ਨੇ ਪੰਜਾਬ ਕੌਂਸਲ ’ਚ ਸੁਆਲ ਪੁੱਛਿਆ ਕਿ ਸਰਕਾਰ ਦੀ ਕਿਰਪਾਨ ਬਾਰੇ ਪਾਲਿਸੀ ਕੀ ਹੈ? ਸ. ਸੁੰਦਰ ਸਿੰਘ ਮਜੀਠੀਏ ਨੇ ਜੁਆਬ ਦਿੱਤਾ ਕਿ, ਸਿੱਖ ਵਾਸਤੇ ਕਿਰਪਾਨ ਸਭ ਬੰਦਸ਼ਾਂ ਤੋਂ ਮੁਕਤ ਹੈ। ਇਹ ਰਿਆਇਤ ਸਿੱਖਾਂ ਨੂੰ 1914 ਈ: ਵਿਚ ਦਿੱਤੀ ਗਈ ਸੀ। ਸ. ਮਹਿਤਾਬ ਸਿੰਘ ਜੀ ਪੰਜਾਬ ਕੌਂਸਲ ਦੀ ਮੈਂਬਰੀ ਦੇ ਨਾਲ-ਨਾਲ ਪੰਜਾਬ ਕੌਂਸਲ ਦੇ ਡਿਪਟੀ ਪ੍ਰੈਜ਼ੀਡੈਂਟ ਵੀ ਰਹੇ ਪਰ ਧਾਰਮਿਕ ਰੁਚੀਆਂ ਕਾਰਨ ਇਨ੍ਹਾਂ ਨੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ’ਚ ਹਿੱਸਾ ਲੈਣਾ ਸ਼ੁਰੂ ਕਰ ਦਿਤਾ।

ਨਨਕਾਣਾ ਸਾਹਿਬ ਦੇ ਦੁਖਦਾਈ ਸਾਕੇ ਸਮੇਂ ਸ. ਮਹਿਤਾਬ ਸਿੰਘ ਜੀ ਵਿਸ਼ੇਸ ਫੌਜੀ ਗੱਡੀ ’ਚ ਸਵਾਰ ਹੋ ਕੇ ਨਨਕਾਣਾ ਸਾਹਿਬ ਪਹੁੰਚ ਗਏ। 21 ਫਰਵਰੀ, 1921 ਨੂੰ ਦੁਖਦਾਈ ਸਾਕਾ ਵਾਪਰ ਗਿਆ। 22 ਫਰਵਰੀ ਨੂੰ ਗਵਰਨਰ ਪੰਜਾਬ ਆਪ ਮੌਕੇ ’ਤੇ ਪਹੁੰਚ ਗਏ ਤਾਂ ਸਾਰੇ ਹਾਲਾਤ ਤੋਂ ਜਾਣੂ ਕਰਵਾਉਣ ਲਈ ਸ਼੍ਰੋਮਣੀ ਗੁ. ਪ੍ਰ. ਕਮੇਟੀ ਵੱਲੋਂ ਸ. ਹਰਬੰਸ ਸਿੰਘ ਅਟਾਰੀ ਤੇ ਸ. ਮਹਿਤਾਬ ਸਿੰਘ ਸਨ।

ਨਨਕਾਣਾ ਸਾਹਿਬ ਦੇ ਦੁਖਦਾਈ ਸਾਕੇ ਤੋਂ ਪਿੱਛੋਂ ਸਿੱਖ ਮਿਸ਼ਨਰੀ ਸੁਸਾਇਟੀ ਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਕਾਇਮ ਕਰਨ ’ਚ ਸ. ਮਹਿਤਾਬ ਸਿੰਘ ਜੀ ਦੀ ਦੂਰਦਰਸ਼ੀ ਸੋਚ ਹੀ ਕੰਮ ਕਰਦੀ ਸੀ। ਸ. ਮਹਿਤਾਬ ਸਿੰਘ ਜੀ 1933 ਤੋਂ 1936 ਈ. ਤੀਕ ਨਨਕਾਣਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ। ਨਨਕਾਣਾ ਸਾਹਿਬ ਦੀ ਜ਼ਮੀਨ ਆਬਾਦ ਕਰਨ, ਬਾਗ ਲਗਵਾਉਣ ਤੇ ਇਤਿਹਾਸਕ ਕਾਲੋਨੀ ਵਸਾਉਣ ’ਚ, ਸ. ਮਹਿਤਾਬ ਸਿੰਘ ਦੀ ਉਸਾਰੂ ਸੋਚ ਕੰਮ ਕਰਦੀ ਸੀ। ਸ. ਮਹਿਤਾਬ ਸਿੰਘ ਜੀ ਦੀ ਹਿੰਮਤ ਸਦਕਾ ਹੀ ਨਨਕਾਣਾ ਸਾਹਿਬ ਦੀ ਮਾਇਆ ਨਾਲ ਗੁਰੂ ਨਾਨਕ ਕਾਲਜ ਬੰਬਈ ਸ਼ੁਰੂ ਕੀਤਾ ਗਿਆ ਜੋ ਕਿ ਅੱਜ ਵੀ ਸਫਲਤਾ ਪੂਰਵਕ ਚੱਲ ਰਿਹਾ ਹੈ।

7 ਨਵੰਬਰ, 1920 ਈ: ’ਚ ਅੰਗਰੇਜ਼ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਖੋਹੇ ਜਾਣ ਦੇ ਰੋਸ ਵਜੋਂ ਸ. ਮਹਿਤਾਬ ਸਿੰਘ ਜੀ ਨੇ ਪੰਜਾਬ ਕੌਂਸਲ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ।

28 ਅਗਸਤ, 1921 ਨੂੰ ਸਰਦਾਰ ਮਹਿਤਾਬ ਸਿੰਘ ਲਾਹੌਰ ਹਲਕੇ ਤੋਂ ਸ਼੍ਰੋਮਣੀ ਗੁ:ਪ੍ਰ:ਕਮੇਟੀ ਸ੍ਰੀ ਅੰਮ੍ਰਿਤਸਰ ਦੇ ਮੈਂਬਰ ਚੁਣੇ ਗਏ। ਸ਼੍ਰੋਮਣੀ ਗੁ:ਪ੍ਰ:ਕਮੇਟੀ ਸ੍ਰੀ ਅੰਮ੍ਰਿਤਸਰ ਦੀ ਪਹਿਲੀ ਹੋਈ ਚੋਣ ਸਮੇਂ ਇਨ੍ਹਾਂ ਨੂੰ ਸਕੱਤਰ ਚੁਣਿਆ ਗਿਆ। ਚਾਬੀਆਂ ਦੇ ਮੋਰਚੇ ਸਮੇਂ 12 ਨਵੰਬਰ, 1921 ਨੂੰ ਅੰਮ੍ਰਿਤਸਰ ’ਚ ਭਾਰੀ ਅਕਾਲੀ ਕਾਨਫਰੰਸ ਹੋਈ, ਜਿਸ ਵਿਚ ਸ. ਮਹਿਤਾਬ ਸਿੰਘ ਨੇ ਇਹ ਸਾਬਤ ਕਰਨ ਦਾ ਯਤਨ ਕੀਤਾ ਕਿ ਤੋਸ਼ੇਖਾਨੇ ਦੀਆਂ ਚਾਬੀਆਂ ਖੋਹ ਕੇ ਅੰਗਰੇਜ਼ ਸਰਕਾਰ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁ:ਪ੍ਰ:ਕਮੇਟੀ ਨੂੰ ਦੇਣ ਦੇ ਬਚਨ ਤੋਂ ਫਿਰ ਗਈ ਹੈ।

ਡੀ.ਸੀ. ਅੰਮ੍ਰਿਤਸਰ ਨੇ ਐਲਾਨ ਕੀਤਾ ਕਿ 26 ਨਵੰਬਰ, 1921 ਨੂੰ ਤੋਸ਼ੇਖਾਨੇ ਦੀਆਂ ਚਾਬੀਆਂ ਤੇ ਸਿੱਖ ਸਥਿਤੀ ਬਾਰੇ ਅਜਨਾਲੇ ’ਚ ਦਰਬਾਰ ਲੱਗੇਗਾ। ਸ਼੍ਰੋਮਣੀ ਅਕਾਲੀ ਦਲ ਨੇ ਵੀ ਫ਼ੈਸਲਾ ਕੀਤਾ ਕਿ ਉਸ ਸਮੇਂ ਉਥੇ ਧਾਰਮਿਕ ਜਲਸਾ ਕੀਤਾ ਜਾਵੇਗਾ। ਸਮੇਂ ’ਤੇ ਸਥਾਨ ’ਤੇ ਧਾਰਮਿਕ ਜਲਸਾ ਹੋਇਆ। ਬਾਬਾ ਖੜਕ ਸਿੰਘ ਜੀ ਪ੍ਰਧਾਨ ਤੇ ਸ. ਮਹਿਤਾਬ ਸਿੰਘ ਸਕੱਤਰ, ਸ਼੍ਰੋਮਣੀ ਕਮੇਟੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 29 ਨਵੰਬਰ, 1921 ਨੂੰ ਅਜਨਾਲੇ ਵਿਚ ਹੀ ਮਿਸਟਰ ਕਾਨਰ ਦੀ ਅਦਾਲਤ ’ਚ ਮੁਕੱਦਮਾ ਪੇਸ਼ ਹੋਇਆ। ਸ. ਮਹਿਤਾਬ ਸਿੰਘ ਜੀ ਦਾ ਬਿਆਨ ਬੜਾ ਜ਼ਿੰਮੇਵਾਰੀ ਵਾਲਾ ਸੀ। ਗੁਰਦੁਆਰਾ ਕਮੇਟੀ ਨੇ ਜਿਹੜੇ ਜਲਸੇ ਕੀਤੇ ਹਨ, ਮੈਂ ਪੂਰੀ ਤਰ੍ਹਾਂ ਉਨ੍ਹਾਂ ਲਈ ਜ਼ਿੰਮੇਵਾਰ ਹਾਂ। ਸ੍ਰੀ ਦਰਬਾਰ ਸਾਹਿਬ ਦੀਆਂ ਚਾਬੀਆਂ ਖੋਹੇ ਜਾਣ ਨਾਲ ਸਿੱਖ ਪੰਥ ਦੀ ਨਿਰਾਦਰੀ ਹੋਈ ਹੈ ਅਤੇ ਸਿੱਖ ਜਜ਼ਬਾਤ ਭੜਕ ਉਠੇ ਹਨ। ਮੈਂ ਹਕੂਮਤ ਦੀ ਇਸ ਕਾਰਵਾਈ ਨੂੰ ਅਤਿਅੰਤ ਮੂਰਖਤਾ ਵਾਲੀ ਸਮਝਦਾ ਹਾਂ। ਜਦ ਤੀਕ ਸਿੱਖਾਂ ਵਿਚ ਜਾਨ ਹੈ ਅਸੀਂ ਹਕੂਮਤ ਨੂੰ ਆਪਣੇ ਧਾਰਮਿਕ ਕੰਮ ਵਿਚ ਦਖਲ ਦੇਣ ਦੀ ਆਗਿਆ ਨਹੀਂ ਦੇਵਾਂਗੇ। ਇਨ੍ਹਾਂ ਨੂੰ ਇਸ ਕੇਸ ਵਿਚ ਛੇ ਮਹੀਨੇ ਦੀ ਕੈਦ ਤੇ 1000/- ਰੁਪਏ ਨਗਦ ਜ਼ੁਰਮਾਨਾ ਹੋਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੀਕਾਰਡ ਮੁਤਾਬਕ ਸ. ਮਹਿਤਾਬ ਸਿੰਘ ਜੀ 16 ਜੁਲਾਈ, 1922 ਤੋਂ 27 ਅਪ੍ਰੈਲ, 1925 ਤੀਕ ਸ਼੍ਰੋਮਣੀ ਗੁ:ਪ੍ਰ: ਕਮੇਟੀ ਦੇ ਪ੍ਰਧਾਨਗੀ ਪਦ ’ਤੇ ਸ਼ੋਭਨੀਤ ਰਹੇ।

ਅਗਸਤ, 1922 ’ਚ ਗੁਰੂ ਕੇ ਬਾਗ ਦਾ ਮੋਰਚਾ ਸ਼ੁਰੂ ਹੋ ਗਿਆ। ਗੁਰੂ ਕੇ ਬਾਗ ਦੇ ਮੋਰਚੇ ਸਮੇਂ ਸ. ਮਹਿਤਾਬ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਗੁ: ਪ੍ਰ: ਕਮੇਟੀ ਨੇ ਆਪਣੇ ਬਿਆਨ ’ਚ ਕਿਹਾ, ਗੁਰੂ ਕੇ ਬਾਗ ਉੱਤੇ 31 ਜਨਵਰੀ, 1923 ਤੋਂ ਸ਼੍ਰੋਮਣੀ ਗੁ: ਪ੍ਰ: ਕਮੇਟੀ ਦਾ ਪ੍ਰਬੰਧ ਹੈ। ਸਾਡੇ ਪ੍ਰਬੰਧ ਅਧੀਨ ਗੁਰਦੁਆਰੇ ’ਚੋਂ ਗੁਰੂ ਕੇ ਲੰਗਰ ਵਾਸਤੇ ਬਾਲਣ ਲਈ ਲੱਕੜਾਂ ਕੱਟਣਾ ਕੋਈ ਜ਼ੁਰਮ ਨਹੀਂ। ਅੰਗਰੇਜ਼ ਸਰਕਾਰ ਨੇ 26 ਅਗਸਤ, 1922 ਨੂੰ ਪ੍ਰਧਾਨ, ਸ਼੍ਰੋਮਣੀ ਗੁ: ਪ੍ਰ: ਕਮੇਟੀ ਸਮੇਤ, ਸ਼੍ਰੋਮਣੀ ਕਮੇਟੀ ਦੇ 75 ਮੈਂਬਰ ਗ੍ਰਿਫ਼ਤਾਰ ਕਰ ਲਏ। ਗੁਰੂ ਕੇ ਬਾਗ ਦਾ ਮੋਰਚਾ ਸਿਖ਼ਰ ’ਤੇ ਪਹੁੰਚ ਗਿਆ। ਇਸ ਮੋਰਚੇ ਨੇ ਸਾਰੇ ਦੇਸ਼ ਤੇ ਪੰਥ ਨੂੰ ਨਵੀਂ ਜਾਗਰਤੀ ਬਖਸ਼ੀ। ਅਖੀਰ ਅੰਗ੍ਰੇਜ਼ ਸਾਮਰਾਜ ਨੂੰ ਸਿੱਖ ਜਥੇਬੰਦਕ ਸ਼ਕਤੀ ਅੱਗੇ ਗੋਡੇ ਟੇਕਣੇ ਪਏ ਖਾਲਸੇ ਦੀ ਇਸ ਮੈਦਾਨ ਵੀ ਫਤਹਿ ਹੋਈ।

ਜੂਨ, 1923 ਈ. ਵਿਚ ਅੰਮ੍ਰਿਤ-ਸਰੋਵਰ ਦੀ ਕਾਰ ਸੇਵਾ ਅਰੰਭ ਕੀਤੀ ਗਈ। ਕਾਰ-ਸੇਵਾ ਅਰੰਭ ਕਰਨ ਵਾਸਤੇ ਖਾਲਸਾਈ ਜਾਹੋ-ਜਲਾਲ ਨਾਲ; ਗੁ. ਪਿਪਲੀ ਸਾਹਿਬ ਤੋਂ ਨਗਰ ਕੀਰਤਨ ਆਯੋਜਿਤ ਕੀਤਾ ਗਿਆ। ਕਾਰ-ਸੇਵਾ ਕਰਨ-ਕਰਾਉਣ ਵਿਚ ਸ. ਮਹਿਤਾਬ ਸਿੰਘ ਦੀ ਸੋਚ-ਸ਼ਕਤੀ ਨੇ ਵਧੇਰੇ ਕਾਰਜ ਕੀਤਾ।

ਸਰਦਾਰ ਮਹਿਤਾਬ ਸਿੰਘ ਜੀ ਗੁਰਦੁਆਰਾ ਮਰਯਾਦਾ ਦੇ ਆਪ ਪਾਬੰਦ ਸਨ ਅਤੇ ਤਨਦੇਹੀ ਨਾਲ ਸੇਵਾ ਕਰਨ ਵਾਲੇ ਮੁਲਾਜ਼ਮਾਂ ਨੂੰ ਮਾਣ-ਸਨਮਾਨ ਵੀ ਦਿੰਦੇ ਸਨ।ਇਕ ਵਾਰ ਰਾਤ ਦੇ ਸਮੇਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਗਏ ਪਰ ਕਿਵਾੜ ਬੰਦ ਹੋ ਚੁੱਕੇ ਸਨ। ਦਰਸ਼ਨੀ ਡਿਉਢੀ ’ਤੇ ਹਾਜ਼ਰ ਸੇਵਾਦਾਰ ਨੂੰ ਕਹਿਣ ਲੱਗੇ, “ਅਸੀਂ ਦਰਬਾਰ ਸਾਹਿਬ ਦੇ ਦਰਸ਼ਨ-ਦੀਦਾਰੇ ਕਰਨ ਅੰਦਰ ਜਾਣਾ ਹੈ।” ਸੇਵਾਦਾਰ ਨੇ ਕਿਹਾ, “ਕਿਵਾੜ ਬੰਦ ਹੋ ਚੁੱਕੇ ਹਨ, ਆਪ ਜੀ ਹੁਣ ਅੰਦਰ ਨਹੀਂ ਜਾ ਸਕਦੇ।”

ਆਪ ਕਹਿਣ ਲੱਗੇ, “ਮੈਂ ਸ਼੍ਰੋਮਣੀ ਗੁ. ਪ੍ਰ. ਕਮੇਟੀ ਦਾ ਪ੍ਰਧਾਨ ਹਾਂ।” ਸੇਵਾਦਾਰ ਦਾ ਉੱਤਰ ਬੜਾ ਬੇਬਾਕੀ ਵਾਲਾ ਸੀ- “ਬੇਸ਼ੱਕ ਹੋਵੋ, ਪਰ ਮਰਯਾਦਾ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ।” ਆਪ ਵਾਪਸ ਆ ਗਏ। ਦੂਸਰੇ ਦਿਨ ਉਸ ਸੇਵਾਦਾਰ ਨੂੰ ਬੁਲਾ ਕੇ ਵਿਸ਼ੇਸ ਸਨਮਾਨ-ਸਤਿਕਾਰ ਦਿੱਤਾ।

ਗੁਰਦੁਆਰਾ ਕਾਨੂੰਨ 1925 ਬਣਾਉਣ ’ਚ ਸ. ਮਹਿਤਾਬ ਸਿੰਘ ਜੀ ਨੇ ਪੂਰੀ ਦਿਲਚਸਪੀ ਲਈ। ਗੁਰਦੁਆਰਾ ਕਾਨੂੰਨ ਪਾਸ ਹੋਣ ਸਮੇਂ ਇਹ ਹੋਰ ਅਕਾਲੀ ਆਗੂਆਂ ਨਾਲ ਲਾਹੌਰ ਜੇਲ੍ਹ ’ਚ ਨਜ਼ਰਬੰਦ ਸਨ। ਅੰਗਰੇਜ਼ ਸਰਕਾਰ ਨੇ ਸ਼ਰਤ ਰੱਖ ਦਿੱਤੀ ਕਿ ਜਿਹੜੇ ਆਗੂ ਗੁਰਦੁਆਰਾ ਕਾਨੂੰਨ ਨੂੰ ਮੰਨ ਲੈਣਗੇ ਉਨ੍ਹਾਂ ਨੂੰ ਬਿਨਾਂ ਦੇਰੀ ਰਿਹਾਅ ਕੀਤਾ ਜਾਵੇਗਾ। ਸ. ਮਹਿਤਾਬ ਸਿੰਘ ਸਮਝੌਤਾਵਾਦੀ ਸਨ ਤੇ ਹਰ ਜੇਲ੍ਹ ਯਾਤਰਾ ਸਮੇਂ ਉਹ ਰਿਹਾਈ ਲਈ ਕਾਹਲੇ ਸਨ। 25 ਜਨਵਰੀ, 1926 ਨੂੰ 20 ਅਕਾਲੀ ਆਗੂ ਗੁਰਦੁਆਰਾ ਕਾਨੂੰਨ ਨੂੰ ਪ੍ਰਵਾਨ ਕਰਦੇ ਹੋਏ ਰਿਹਾਅ ਹੋ ਗਏ। ਇਨ੍ਹਾਂ ਵਿਚ ਸ. ਮਹਿਤਾਬ ਸਿੰਘ ਜੀ ਵੀ ਸਾਮਲ ਸਨ। ਸ. ਮਹਿਤਾਬ ਸਿੰਘ ਜੀ ਨੇ ਜੇਲ੍ਹ ਤੋਂ ਬਾਹਰ ਆ ਕੇ ਬਿਆਨ ਦਿੱਤਾ ਕਿ ਅਸੀਂ ਪੰਥ ਦੀ ਹੇਠੀ ਕਰ ਕੇ ਨਹੀ ਆਏ। ਇਸ ਤਰ੍ਹਾਂ ਕੁਝ ਅਕਾਲੀ ਆਗੂ ਤਾਂ ਰਿਹਾਅ ਹੋ ਗਏ ਪਰ ਬਾਕੀ ਸਰਕਾਰੀ ਸ਼ਰਤਾਂ ਨੂੰ ਮੰਨਣਾ ਗੁਨਾਹ ਸਮਝਦੇ ਸਨ। ਇਹ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੀ ਸਿਖ਼ਰ ਸੀ। ਅਕਾਲੀ ਆਗੂ ਦੋ ਧੜਿਆਂ ’ਚ ਵੰਡੇ ਗਏ। ਗੁਰਦੁਆਰਾ ਕਾਨੂੰਨ ਅਨੁਸਾਰ ਕੰਮ ਕਰਨ ਵਾਲੇ ਧੜੇ ਦੀ ਅਗਵਾਈ ਸ. ਮਹਿਤਾਬ ਸਿੰਘ ਕਰ ਰਹੇ ਸਨ। 12 ਅਕਤੂਬਰ, 1923 ਨੂੰ ਅੰਗਰੇਜ਼ ਸਰਕਾਰ ਨੇ ਸ਼੍ਰੋਮਣੀ ਗੁ:ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਤੇ ਇਸ ਦੀ ਖੜਗ ਭੁਜਾ ਸ਼੍ਰੋਮਣੀ ਅਕਾਲੀ ਦਲ ਨੂੰ ਗੈਰਕਾਨੂੰਨੀ ਜਥੇਬੰਦੀਆਂ ਕਰਾਰ ਦੇ ਦਿੱਤਾ ਤੇ ਸਮੁੱਚੀ ਸਿੱਖ ਲੀਡਰਸ਼ਿਪ ਨੂੰ ਜੇਲ੍ਹੀਂ ਬੰਦ ਕਰ ਦਿੱਤਾ।

ਜੂਨ, 1926 ’ਚ ਸ਼੍ਰੋਮਣੀ ਗੁ:ਪ੍ਰ: ਕਮੇਟੀ ਦੀਆਂ ਪਹਿਲੀ ਵਾਰ ਗੁਰਦੁਆਰਾ ਕਾਨੂੰਨ ਅਨੁਸਾਰ ਚੋਣਾਂ ਹੋਈਆਂ। ਸ. ਮਹਿਤਾਬ ਸਿੰਘ ਜੀ ਆਪ ਤਾਂ ਚੱਕ ਨੰ: 14 ਸਰਗੋਧੇ ਤੋਂ ਚੋਣ ਜਿੱਤ ਗਏ, ਪਰ ਇਨ੍ਹਾਂ ਦੀ ਪਾਰਟੀ ਦੇ ਕੇਵਲ 26 ਮੈਂਬਰ ਹੀ ਚੋਣ ਜਿੱਤ ਸਕੇ ਅਤੇ ਅਕਾਲੀ ਦਲ ਨੂੰ ਪੂਰਨ ਬਹੁਮਤ ਪ੍ਰਾਪਤ ਹੋਇਆ।

ਪਾਰਟੀ ਹਾਰ ਨੂੰ ਸਨਮੁਖ ਰੱਖਦਿਆਂ ਸ. ਮਹਿਤਾਬ ਸਿੰਘ ਜੀ ਨੇ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀਆਂ ਗਤੀਵਿਧੀਆਂ ’ਚ ਹਿੱਸਾ ਲੈਣਾ ਛੱਡ ਦਿੱਤਾ। ਪਰ ਸ਼੍ਰੋਮਣੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਵਜੋਂ ਕਾਰਜਸ਼ੀਲ ਰਹੇ। ਪਾਰਟੀ ਰਾਜਨੀਤੀ ਤੋਂ ਤੰਗ ਆ ਕੇ ਇਨ੍ਹਾਂ ਨੇ ਦੁਬਾਰਾ ਵਕਾਲਤ ਸ਼ੁਰੂ ਕਰ ਦਿੱਤੀ ਤੇ ਖੂਬ ਨਾਮਣਾ ਖੱਟਿਆ।

1928 ਈ. ਵਿਚ ਚੱਲੇ ‘ਸਾਈਮਨ ਕਮਿਸ਼ਨ ਵਾਪਸ ਜਾਉ’ ਦੇ ਸੰਘਰਸ਼ ਵਿਚ ਵੀ ਇਨ੍ਹਾਂ ਸਰਗਰਮੀ ਨਾਲ ਹਿੱਸਾ ਲਿਆ ਅਤੇ ਦਸੰਬਰ, 1928 ’ਚ ਕਲਕੱਤਾ ਸਰਵ ਪਾਰਟੀ ’ਚ ਵੀ ਸ. ਮਹਿਤਾਬ ਸਿੰਘ ਸ਼ਾਮਲ ਹੋਏ।

1926 ਈ. ਦੀ ਸ਼੍ਰੋਮਣੀ ਗੁ:ਪ੍ਰ: ਕਮੇਟੀ ਦੀਆਂ ਚੋਣਾਂ ਸਮੇਂ ਇਹ ਸ਼੍ਰੋਮਣੀ ਗੁ: ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਦੇ ਮੈਂਬਰ ਚੁਣੇ ਗਏ। 8 ਅਕਤੂਬਰ, 1926 ਈ. ਨੂੰ ਅੰਤ੍ਰਿੰਗ ਕਮੇਟੀ ਦੀ ਚੋਣ ਸਮੇਂ ਸ. ਮਹਿਤਾਬ ਸਿੰਘ ਜੀ ਅੰਤ੍ਰਿਗ ਕਮੇਟੀ ਮੈਂਬਰ ਚੁਣੇ ਗਏ। 9 ਜੂਨ, 1930 ਨੂੰ ਹੋਈ ਅਹੁਦੇਦਾਰਾਂ ਦੀ ਚੋਣ ਵਿਚ ਸ. ਮਹਿਤਾਬ ਸਿੰਘ ਜੀ ਫਿਰ ਅੰਤ੍ਰਿਗ ਕਮੇਟੀ ਮੈਂਬਰ ਚੁਣੇ ਗਏ। 9 ਮਾਰਚ, 1930 ਨੂੰ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ਹੋਈ ਜਰਨਲ ਇਕੱਤਰਤਾ ਸਮੇਂ ਸ. ਮਹਿਤਾਬ ਸਿੰਘ ਵਿਰੁੱਧ 18 ਦੇ ਮੁਕਾਬਲੇ 41 ਵੋਟਾਂ ਨਾਲ ਮਤਾ ਪਾਸ ਵੀ ਕੀਤਾ ਗਿਆ।

23 ਮਈ, 1939 ਨੂੰ ਲਾਹੌਰ ਹਾਈਕੋਰਟ ’ਚ ਕਿਸੇ ਕੇਸ ’ਚ ਬਹਿਸ ਕਰਦਿਆਂ ਸ. ਮਹਿਤਾਬ ਸਿੰਘ ਜੀ ਨੂੰ ਦਿਲ ਦਾ ਐਸਾ ਦੌਰਾ ਪਿਆ ਕਿ ਇਹ ਹਮੇਸ਼ਾਂ ਵਾਸਤੇ ਸੰਸਾਰ ਨੂੰ ਅਲਵਿਦਾ ਕਹਿ, ਗੁਰੂ-ਚਰਨਾਂ ’ਚ ਜਾ ਬਿਰਾਜੇ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Roop Singh
ਸਾਬਕਾ, ਮੁੱਖ ਸਕੱਤਰ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)
Please login to bookmarkClose

No account yet? Register